Sunday 26 December 2010

ਖ਼ਾਲੀ ਵਰਕੇ..

ਖ਼ਾਲੀ ਵਰਕੇ ਚਾਰ-ਚੁਫੇਰੇ
ਕਿਸਨੇ ਵਰਜੇ ਅੱਖਰ ਮੇਰੇ

ਆਹ ਚੁੱਕ ਤੇ ਪਹਿਨਣ ਦੀ ਕਰ ਤੂੰ
ਹੰਢਣ ਜੋਗੇ ਦਰਦ ਬਥੇਰੇ

ਤੇਲ ਕਿਸੇ ਭਾਂਬੜ ਸੰਗ ਰਲਿਆ
ਖਾਲੀ ਦੀਵੇ ਰੋਣ ਬਨੇਰੇ

ਹਾਸੇ ਤਾਂ ਸਾਰੇ ਹੀ ਨਕਲੀ
ਹੰਝੂ ਵੀ ਪਰਖਾਂਗੇ ਤੇਰੇ

ਇਸ ਵਾਰੀ ਕੁਝ ਹੋਰ ਬਣਾਓ
'ਕੱਠੇ ਕਰਕੇ ਟੁਕੜੇ ਮੇਰੇ
            ~~~~~~~~~~

Thursday 2 December 2010

ਖੌਰੇ ਪਾਂਧੀ ਕਿੰਨਾ ਚਿਰ...

ਖੌਰੇ ਪਾਂਧੀ ਕਿੰਨਾ ਚਿਰ ਬਹਿ ਸਕਣ ਇਨ੍ਹਾਂ ਦੀ ਛਾਵੇਂ
ਪੱਤਝੜ ਪੁੱਛਦੀ ਫਿਰਦੀ ਸੀ ਕੱਲ੍ਹ ਰੁੱਖਾਂ ਦੇ ਸਿਰਨਾਵੇਂ

ਮਾਰੂਥਲ ਵਿੱਚ ਧੁੱਪਾਂ ਨੇ ਜਦ ਅਪਣਾ ਜ਼ੋਰ ਵਿਖਾਇਆ
ਵੇਖੀਂ ਭੱਜ-ਭੱਜ ਬੈਠਣਗੇ ਉਹ ਇੱਕ-ਦੂਜੇ ਦੀ ਛਾਵੇਂ

ਕੀ ਜ਼ਿੰਦਗੀ ਨੂੰ ਲਿਖਣਾ ਸਿੱਖਣਾ, ਕੀ ਅਰਥਾਂ ਤੱਕ ਜਾਣਾ
ਹਾਲੇ ਤੱਕ ਇਹ ਯਾਦ ਨ ਹੋਏ ਅੱਖਰ ਚਾਰ ਭੁਲਾਵੇਂ

ਗੇਰੂ ਰੰਗੀ ਸ਼ਾਮ ਦਿਆਂ ਰੰਗਾਂ ਤੋਂ ਮੁਨਕਰ ਹੋ ਕੇ
ਮਨ ਦੇ ਸੁੰਨੇ ਘਰ ਵਿੱਚ ਘੁੰਮਦੇ ਰਹਿੰਦੇ ਕੁਝ ਪਰਛਾਵੇਂ

ਬੇਮਤਲਬ ਹੈ ਬੇਮੰਜ਼ਿਲ ਰਾਹੀਆਂ ਦੇ ਪਿੱਛੇ ਜਾਣਾ
ਫਿਰ ਵੀ ਜ਼ਿਹਨ 'ਚ ਸਾਂਭੀ ਰੱਖੀਂ ਪੈੜਾਂ ਦੇ ਸਿਰਨਾਵੇਂ
                
                  ~~~~~~~~~

Friday 22 October 2010

ਇਹ ਲੋਕ ਵਕਤ ਦਾ..

ਇਹ ਲੋਕ ਵਕਤ ਦਾ ਚਿਹਰਾ ਜੇ ਪੜ੍ਹ ਗਏ ਹੁੰਦੇ 
ਉੱਤਰ ਕੇ ਅਰਸ਼ ਤੋਂ ਸੂਲੀ 'ਤੇ ਚੜ੍ਹ ਗਏ ਹੁੰਦੇ

ਉਨ੍ਹਾਂ ਜੋ ਸੋਚਿਆ, ਉਹ ਹੀ ਜੇ ਹੋ ਗਿਆ ਹੁੰਦਾ
ਘਰਾਂ ਦੇ ਰੁੱਖ  ਵੀ ਮੋੜਾਂ 'ਤੇ ਖੜ੍ਹ ਗਏ ਹੁੰਦੇ

ਤੁਸਾਂ ਵਹਾਏ ਜੋ, ਹੁੰਦੇ ਜੇ ਅੱਥਰੂ ਸਚਮੁਚ
ਤੁਹਾਡੇ ਰੰਜ ਵੀ ਇਹਨਾਂ 'ਚ ਹੜ੍ਹ ਗਏ ਹੁੰਦੇ

ਮੇਰਾ ਸ਼ੁਮਾਰ ਵੀ ਰੁੱਖਾਂ 'ਚ ਹੁੰਦਾ, ਜੇ ਮੇਰੇ
ਜ਼ਰਾ ਕੁ ਪੌਣ 'ਚ ਪੱਤੇ ਨਾ ਝੜ ਗਏ ਹੁੰਦੇ


ਅਸਾਡੇ ਵਸਲ 'ਚ ਹਿਜਰਾਂ ਦੀ ਮਹਿਕ ਸੀ,ਵਰਨਾ
ਅਸੀਂ ਤਾਂ ਮਿਲਣ ਤੋਂ ਪਹਿਲਾਂ ਵਿੱਛੜ ਗਏ ਹੁੰਦੇ

Saturday 2 October 2010

ਹਰੇਕ ਪਲ ਨੂੰ...

ਹਰੇਕ ਪਲ ਨੂੰ ਮੈਂ ਗਿਣ ਰਿਹਾ ਹਾਂ
ਉਡੀਕ ਤੇਰੀ ਹਿਸਾਬ ਮੇਰਾ
ਨਵਾਜ਼ ਮੈਨੂੰ ਤੂੰ ਆ ਕੇ ਜਲਦੀ
ਹੈ ਤੇਰੀ ਆਮਦ ਖ਼ਿਤਾਬ ਮੇਰਾ

ਨਾ ਦਿਨ ਚੜ੍ਹੇ ਦੀ ਨਾ ਦਿਨ ਲਹੇ ਦੀ
ਨਾ ਕੁਝ ਸੁਣੇ ਦੀ ਨਾ ਕੁਝ ਕਹੇ ਦੀ
ਹਮੇਸ਼ ਰਹਿੰਦੇ ਨੇ ਹੋ ਕੇ ਇੱਕ-ਮਿਕ
ਖਿਆਲ ਤੇਰਾ ਤੇ ਖ਼ਾਬ ਮੇਰਾ

ਸਜੀਵ ਯਾਦਾਂ ਸਜੀਵ ਕਿੱਸੇ
ਜੋ ਆਏ ਅਕਸਰ ਹੀ ਸਾਡੇ ਹਿੱਸੇ
ਅਸੀਮ ਚੇਤੇ 'ਚ ਹੁਣ ਵੀ ਮਹਿਕਣ
ਕਿਤਾਬ ਤੇਰੀ ਗੁਲਾਬ ਮੇਰਾ

ਜੇ ਤੇਰਾ ਸ਼ੰਕਾ ਹੈ ਬੇਵਫ਼ਾਈ
ਤਾਂ ਮੇਰਾ ਡੰਕਾ ਇਮਾਨਦਾਰੀ
ਜੇ ਫੇਰ ਵੀ ਤੂੰ ਨਿਚੋੜ ਚਾਹੇਂ
ਸਵਾਲ ਤੇਰਾ ਜਵਾਬ ਮੇਰਾ

ਆ ਇੱਕੋ ਪਿੰਡੇ 'ਤੇ ਝੱਲ ਲਈਏ
ਜੋ ਪੀੜ ਤੇਰੀ ਸੋ ਪੀੜ ਮੇਰੀ
ਆ ਇੱਕੋ ਨੇਤਰ 'ਚੋਂ ਦੇਖ ਲਈਏ
ਜੋ ਖ਼ਾਬ ਤੇਰਾ ਸੋ ਖ਼ਾਬ ਮੇਰਾ

ਵਜੂਦ ਅਪਣੇ ਨੂੰ ਵੰਡਣੇ ਲਈ
ਨਾ ਤੂੰ ਸੀ ਰਾਜ਼ੀ ਨਾ ਮੈਂ ਸੀ ਰਾਜ਼ੀ
ਨਾ ਤੂੰ ਕਿਹਾ ਸੀ ਨਾ ਮੈਂ ਕਿਹਾ ਸੀ
ਬਿਆਸ ਤੇਰਾ ਚਨਾਬ ਮੇਰਾ
        ~~~~~~~~~~

Monday 13 September 2010

ਮੁਸਕੁਰਾਹਟ ਪਹਿਨ ਲਈਏ...


ਮੁਸਕੁਰਾਹਟ ਪਹਿਨ ਲਈਏ, ਰਾਹਤਾਂ ਦਾ ਕੀ ਪਤਾ
ਹੋਰ ਹੁਣ ਕਿੰਨਾ ਰੁਆਵਣ, ਹਾਸਿਆਂ ਦਾ ਕੀ ਪਤਾ
 

ਘਰ 'ਚ ਕਿੱਥੇ ਹੋਣ ਲੱਗਣ, ਸਾਜ਼ਿਸ਼ਾਂ ਦਾ ਕੀ ਪਤਾ
ਸਾਜ਼ਿਸ਼ਾਂ ਵਿਚ ਹੋਣ ਸ਼ਾਮਿਲ, ਪਰਦਿਆਂ ਦਾ ਕੀ ਪਤਾ

ਦੋਸਤਾਂ ਦਾ ਕੀ ਪਤਾ ਤੇ ਦੁਸ਼ਮਣਾਂ ਦਾ ਕੀ ਪਤਾ
ਵਾਅਦਿਆਂ  ਦਾ ਕੀ ਪਤਾ ਤੇ ਦਾਅਵਿਆਂ ਦਾ ਕੀ ਪਤਾ

ਹੀਰਿਆਂ ਦੇ ਭੇਸ ਅੰਦਰ ਬੰਟਿਆਂ ਦਾ ਕੀ ਪਤਾ
ਲੁੱਟ ਕੇ ਲੈ ਜਾਣ ਨਾ, ਸੌਦਾਗਰਾਂ ਦਾ ਕੀ ਪਤਾ

ਓਪਰਾ ਕਹਿ ਕਦ, ਅੱਜ-ਕਲ੍ਹ ਘਰਾਂ ਦਾ ਕੀ ਪਤਾ
ਮੁੜਦਿਆਂ ਖੁੱਲ੍ਹਣ ਕਿ ਨਾ, ਦਰਵਾਜ਼ਿਆਂ ਦਾ ਕੀ ਪਤਾ

ਜ਼ਿਹਨ 'ਚੋਂ ਗੁੰਮ ਜਾਣ ਨਾ, ਸਿਰਨਾਵਿਆਂ ਦਾ ਕੀ ਪਤਾ
ਕਿਸ ਦਿਸ਼ਾ ਨੂੰ ਜਾਣ ਲੈ ਕੇ, ਰਸਤਿਆਂ ਦਾ ਕੀ ਪਤਾ
                  ~~~~~~~~~

Sunday 8 August 2010

ਕਿੰਨੇ ਹਤਾਸ਼ ਹੋਣਗੇ ਓੁਹ ਮੇਰੇ ਹਾਲ 'ਤੇ
ਆਪੇ ਮੈਂ ਫੇਰ ਹੱਸਿਆ ਅਪਣੇ ਖ਼ਿਆਲ 'ਤੇ

ਅੱਧਮੋਈ ਹੋ ਕੇ ਰਹਿ ਗਈ ਹੱਥਾਂ ਦੀ ਛੋਹ ਬਿਨਾ
ਪਾਈ ਸੀ ਚਾਵਾਂ ਨਾਲ਼ ਜੋ ਘੁੱਗੀ ਰੁਮਾਲ 'ਤੇ

ਜਦ ਮੇਰੇ ਜ਼ਿਹਨ ਵਿੱਚ ਵੀ ਸਾਜ਼ਿਸ਼ ਦੀ ਰੇਤ ਸੀ
ਮੈਨੂੰ ਵੀ ਸ਼ੱਕ ਸੀ ਉਦੋਂ ਪਾਣੀ ਦੀ ਚਾਲ 'ਤੇ

ਉਸ 'ਕੱਲੇ-ਕਾਰੇ ਸ਼ਖ਼ਸ ਦਾ ਮਰਨਾ ਸੀ ਤੈਅਸ਼ੁਦਾ
ਕਿੰਨੇ ਕੁ ਵਾਰ ਰੋਕਦਾ ਹੱਥਾਂ ਦੀ ਢਾਲ਼ 'ਤੇ

ਨ੍ਹੇਰੇ ਦਾ ਨਾਂ ਲਿਆ ਹੀ ਸੀ ਤਾਰੇ ਚਮਕ ਪਏ
ਲੱਖਾਂ ਜਵਾਬ ਆ ਗਏ ਇੱਕੋ ‌‌ਸਵਾਲ 'ਤੇ
            ~~~~~~~~~~~

Saturday 17 July 2010

ਪਰਾਂ ਨੂੰ ਮੈਂ..


ਪਰਾਂ ਨੂੰ ਮੈਂ ਪਰਵਾਜ਼ ਦਿਆਂ, ਬੇ ਪਰਿਆਂ ਨੂੰ ਪਰ ਦੇਵਾਂ
ਏਸ ਬਹਾਨੇ ਅਪਣੇ-ਆਪ ਨੂੰ ਖੁੱਲ੍ਹਾ ਅੰਬਰ ਦੇਵਾਂ

ਸੁੰਨ-ਮਸੁੰਨੀ ਰਾਤ ਦੀ ਸੁੰਨੀ ਮਾਂਗ ਜ਼ਰਾ ਭਰ ਦੇਵਾਂ
ਮੱਸਿਆ ਵਰਗੇ ਸਫ਼ਿਆਂ ਨੂੰ ਕੁਝ ਸੂਹੇ ਅੱਖਰ ਦੇਵਾਂ

ਹਰ ਥਾਂ ਧੂੰਆਂ, ਧੁੰਦ, ਧੁਆਂਖੀ ਧਰਤੀ, ਧੁਖਦੇ ਰਸਤੇ
ਕਿਸ ਥਾਂ ਜਾ ਕੇ ਅੱਖਾਂ ਨੂੰ ਇੱਕ ਸਾਵਾ ਮੰਜ਼ਰ ਦੇਵਾਂ

ਮੇਰੇ ਜੁੱਸੇ ਦੇ ਵਿੱਚ ਜੰਮੀ ਬਰਫ਼ ਜ਼ਰਾ ਤਾਂ ਪਿਘਲ਼ੇ
ਅਪਣੀ ਤਲ਼ੀ ਨੂੰ ਤੇਰੇ ਤਪਦੇ ਮੱਥੇ 'ਤੇ ਧਰ ਦੇਵਾਂ

ਖ਼ੁਦ ਨੂੰ ਮਿਲਣ ਤੋਂ ਪਹਿਲਾਂ ਮੇਰਾ ਤੈਨੂੰ ਮਿਲਣਾ ਔਖਾ
ਤੇਰੀਆਂ ਸਾਬਤ ਰੀਝਾਂ ਨੂੰ ਕਿੰਜ ਟੁੱਟੀ ਝਾਂਜਰ ਦੇਵਾਂ

ਮੈਨੂੰ ਹੀ ਪੈਣੇ ਨੇ ਕੱਲ੍ਹ ਨੂੰ ਰੁੱਤਾਂ ਦੇ ਫੁੱਲ ਚੁਗਣੇ
ਅੱਜ ਹੀ ਅਪਣੀ ਹਿੰਮਤ ਨੂੰ ਮੈਂ ਚਿੱਟੇ ਵਸਤਰ ਦੇਵਾਂ

ਮਹਿਕੀ ਰੁੱਤ ਵਿਚ ਵੀ ਜੋ ਕਲੀਆਂ ਮਹਿਕ ਨਹੀਂ ਦੇ ਸਕੀਆਂ
ਮੈਂ ਉਹਨਾਂ ਨੂੰ ਹਰ ਇੱਕ ਰੁੱਤੇ ਮਹਿਕਣ ਦਾ ਵਰ ਦੇਵਾਂ
                          ~~~~~~~~~~~

Monday 12 July 2010

ਖ਼ੁਦੀ ਨੂੰ ਆਸਰਾ..

ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ
ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ

ਨਦੀ ਉੱਛਲ਼ੇ ਬਹੁਤ, ਮੈਂ ਖ਼ੁਸ਼ ਵੀ ਹੁੰਦਾ ਹਾਂ ਤੇ ਡਰਦਾ ਹਾਂ
ਬੁਝਾ ਜਾਵੇ ਨਾ ਮੈਨੂੰ ਹੀ ਉਹ ਮੇਰੀ ਪਿਆਸ ਤੋਂ ਪਹਿਲਾਂ

ਤੂੰ ਹੁਣ ਭੇਜੇਂ ਜਾਂ ਅਗਲੇ ਪਲ,ਤੇਰੀ ਹਉਮੈ ਦੀ ਹੈ ਮਰਜ਼ੀ
ਮੈਂ ਕੁੱਲ ਜੰਗਲ ਦਾ ਜਾਣੂੰ ਹੋ ਗਿਆਂ ਬਨਵਾਸ ਤੋਂ ਪਹਿਲਾਂ

ਹਰਿਕ ਟੁਕੜੇ 'ਚ ਸੀ ਕੋਈ ਕਸ਼ਿਸ਼ ਕੋਈ ਤੜਪ ਐਸੀ
ਮੈਂ ਜੁੜ ਚੁੱਕਿਆ ਸੀ ਖੰਡਿਤ ਹੋਣ ਦੇ ਅਹਿਸਾਸ ਤੋਂ ਪਹਿਲਾਂ

ਉਦ੍ਹੇ ਸੁਪਨੇ 'ਚ ਸੈਆਂ ਪਿੰਜਰੇ ਦਿਸਦੇ ਰਹੇ ਰਾਤੀਂ
ਪਰਿੰਦਾ ਪਰ ਲੁਹਾ ਆਇਆ ਕਿਸੇ ਪਰਵਾਸ ਤੋਂ ਪਹਿਲਾਂ

ਤੇਰਾ ਜਾਣਾ ਜਿਵੇਂ ਦੁਨੀਆ ਦਾ ਸਭ ਤੋਂ ਦਰਦ ਹੈ ਭਾਰਾ
ਕੁਛ ਐਸਾ ਜਾਪਦਾ ਸੀ ਰੋਣ ਦੇ ਅਭਿਆਸ ਤੋਂ ਪਹਿਲਾਂ

ਬੜਾ ਕੁਝ ਵਕ਼ਤ ਨੇ ਲਿਖਿਆ ਮੇਰੇ ਤਨ 'ਤੇ, ਮੇਰੀ ਰੂਹ 'ਤੇ
ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮੇਰੇ ਇਤਿਹਾਸ ਤੋਂ ਪਹਿਲਾਂ
                         ~~~~~~~~~

Thursday 8 July 2010

ਨਵੀਂ ਸਵੇਰ ਦੇ ..



ਨਵੀਂ ਸਵੇਰ ਦੇ ਮੁਖੜੇ ਜਿਹੀ ਕੋਈ ਮੂਰਤ 
ਜੋ ਮੇਰੇ ਖਾਬ 'ਚ ਆਈ, ਬੁਲਾ ਗਈ ਮੈਨੂੰ 
ਸਵੇਰ ਤੀਕ ਨਾ ਮੁੜਿਆ ਤਾਂ ਮੈਨੂੰ ਭੁੱਲ ਜਾਇਓ
ਬਸ ਏਹੋ ਸਮਝਿਓ , ਸਿਆਹ ਰਾਤ ਖਾ ਗਈ ਮੈਨੂੰ


ਜੇ ਹੋ ਸਕੇ ਤਾਂ ਫਿਰ ਏਨੀ ਉਚੇਚ ਕਰ ਜਾਣਾ
ਕਿ ਆਪਣੀ ਮੜਕ ਨੂੰ ਲੋੜਾਂ ਦੇ ਮੇਚ ਕਰ ਜਾਣਾ
ਉਦਾਸ ਜ਼ਿੰਦਗੀ ਪਿੰਡੇ 'ਤੇ ਚੀਥੜੇ ਪਹਿਨੀ
ਬਿਠਾ ਕੇ ਗੋਦ 'ਚ ਏਨਾ ਸਿਖਾ ਗਈ ਮੈਨੂੰ

ਮੈਂ ਜਿਸਨੇ ਸ਼ੋਖ ਹਵਾ ਦੀ ਨਾ ਆਰਜ਼ੂ ਵੇਖੀ
ਕਦੇ ਵੀ ਧੜਕਣਾਂ ਤੋਂ ਪਾਰ ਦੀ ਨਾ ਜੂਹ ਵੇਖੀ
ਮੈਂ ਜੋ ਜ਼ਮੀਨ 'ਤੇ ਪਾਰੇ ਦੇ ਵਾਂਗ ਤੁਰਦਾ ਸੀ
ਕਿਸੇ ਦੀ ਤੱਕਣੀ ਸ਼ੀਸ਼ਾ ਬਣਾ ਗਈ ਮੈਨੂੰ

ਨਹੀਂ ਮੈਂ ਦੋਸਤੋ ਹੈਰਾਨ ਉਸਦੇ ਕਾਰੇ 'ਤੇ
ਉਹ ਚੜ੍ਹ ਕੇ ਆ ਗਈ ਮੇਰੇ ਹੀ ਇੱਕ ਇਸ਼ਾਰੇ 'ਤੇ
ਸਣੇ ਕਮਾਨ ਤੇ ਤੀਰਾਂ ਦੇ ਤੋੜ ਕੇ ਤਰਕਸ਼
ਸਰੇ- ਬਜ਼ਾਰ ਮੇਰੀ ਮੈਂ ਹਰਾ ਗਈ ਮੈਨੂੰ

ਬਸ ਏਹੋ ਹੁਨਰ ਹੀ ਮੇਰੇ ਜਿਗਰ ਦਾ ਦਰਦ ਹਰੇ
ਇਹੋ ਖ਼ਿਆਲ ਹੀ ਮੇਰੇ ਲਹੂ 'ਚ ਰੰਗ ਭਰੇ
ਬਿਗਾਨੀ ਪੀੜ ਨੂੰ ਮੱਥੇ ਸਜਾਉਣ ਸਿੱਖਿਆ ਹਾਂ
ਇਹੋ ਹੀ ਟੂੰਮ ਹੈ ਜਿਹੜੀ ਸਜਾ ਗਈ ਮੈਨੂੰ
              ~~~~~~~~~

Monday 5 July 2010

ਮੈਂ ਦੁਆਵਾਂ 'ਚ ..


ਮੈਂ ਦੁਆਵਾਂ 'ਚ ਰਹਿ ਨਹੀਂ ਸਕਿਆ
ਕਾਮਨਾਵਾਂ 'ਚ ਰਹਿ ਨਹੀਂ ਸਕਿਆ

ਰਾਖੀ ਧੁੱਪਾਂ ਦੀ ਸੀ ਮੇਰੇ ਜ਼ਿੰਮੇ
ਤਾਂ ਹੀ ਛਾਵਾਂ 'ਚ ਰਹਿ ਨਹੀਂ ਸਕਿਆ

ਤੈਥੋਂ ਰੂਹਾਂ ਪਛਾਣ ਨਾ ਹੋਈਆਂ
ਤੇ ਮੈਂ ਨਾਂਵਾਂ 'ਚ ਰਹਿ ਨਹੀਂ ਸਕਿਆ

ਬੂੰਦ ਜਿਸਤੇ ਵੀ ਪਈ ਚਾਨਣ ਦੀ
ਉਹ ਗੁਫ਼ਾਵਾਂ 'ਚ ਰਹਿ ਨਹੀਂ ਸਕਿਆ

ਕੀ ਹਨੇਰਾ ਵੀ ਤੈਨੂੰ ਸਾਂਭੇਗਾ
ਜੇ ਸ਼ੁਆਵਾਂ 'ਚ ਨਹੀਂ ਰਹਿ ਸਕਿਆ

ਮੈਂ ਸੁਗੰਧੀ ਵੀ ਬਣ ਗਿਆ ਫਿਰ ਵੀ
ਤੇਰੇ ਸਾਹਵਾਂ 'ਚ ਰਹਿ ਨਹੀਂ ਸਕਿਆ

ਸਾਡਾ ਚਰਚਾ ਵੀ ਖ਼ੂਬ ਸੀ ਭਾਵੇਂ
ਇਹ ਕਥਾਵਾਂ 'ਚ ਰਹਿ ਨਹੀਂ ਸਕਿਆ
                   ~~~~~~

Sunday 27 June 2010

ਤੇਰੇ ਸ਼ੀਸ਼ੇ ਨੂੰ ..



ਤੇਰੇ ਸ਼ੀਸ਼ੇ ਨੂੰ ਪੱਥਰ ਆਖਣਾ ਸੀ
ਮੈਂ ਤੇਰਾ ਜ਼ਬਤ ਹੀ ਬੱਸ ਪਰਖਣਾ ਸੀ

ਅਜੇ ਆਪੇ 'ਚੋਂ ਹੋ ਕੇ ਲੰਘਣਾ ਸੀ
ਅਜੇ ਮੈਂ ਆਪ ਜੀ ਕੇ ਵੇਖਣਾ ਸੀ

ਬਚਾ ਲੈਂਦਾ ਮੈਂ .ਖੁਦ ਨੂੰ ਡੁੱਬਣੇ ਤੋਂ
ਅਜੇ ਲਹਿਰਾਂ ਨੇ ਕੁਝ ਪਲ ਅਟਕਣਾ ਸੀ

ਤੇਰੇ ਤੱਕ ਇੰਜ ਹੀ ਮੈਂ ਪਹੁੰਚ ਜਾਂਦਾ
ਮੈਂ ਆਪੇ ਨੂੰ ਖਲਾਅ ਵਿੱਚ ਘੋਲਣਾ ਸੀ

ਉਹ ਬਣ ਕੇ ਰਹਿ ਗਏ ਬਿੰਦੂ, ਜਿਹਨਾਂ ਨੇ
ਅਥਾਹ ਅਸਮਾਨ ਤੀਕਰ ਫੈਲਣਾ ਸੀ

ਜੇ ਨਾ ਆਉਂਦਾ ਤੂੰ ਏਨੀ ਤਾਂਘ ਕਰਕੇ
ਮੈਂ ਪਲ-ਪਲ ਕਰਕੇ ਇੰਜ ਹੀ ਬੀਤਣਾ ਸੀ

ਦਿਸ਼ਾ ਮੇਰੀ ਸਮੁੰਦਰ ਵੱਲ ਕਿਉਂ ਹੋਈ
ਅਜੇ ਮੈਂ ਸੜਦਿਆਂ 'ਤੇ ਬਰਸਣਾ ਸੀ ।

Wednesday 16 June 2010

ਹਰਿਕ ਮੈਲੀ ਨਜ਼ਰ ਦੇ ਨਾਲ਼..



ਹਰਿਕ ਮੈਲੀ ਨਜ਼ਰ ਦੇ ਨਾਲ਼ ਕੁਝ-ਕੁਝ ਤਿੜਕਦਾ ਸ਼ੀਸ਼ਾ
ਤੇ ਮੈਲ਼ੇ ਅਕਸ ਨੂੰ ਸੀਨੇ 'ਚ ਲਹਿਣੋਂ ਰੋਕਦਾ ਸ਼ੀਸ਼ਾ 

ਕਿਸੇ ਦੇ ਸਾਹਮਣੇ ਆ ਜਾਣ ਤੇ ਹੈ ਧੜਕਦਾ ਸ਼ੀਸ਼ਾ
ਖ਼ੁਦ ਅਪਣੇ ਅਕਸ ਨੂੰ ਹੋਰਾਂ ਦੇ ਅੰਦਰ ਵੇਖਦਾ ਸ਼ੀਸ਼ਾ

ਮੇਰੀ ਰੂਹ ਦੇ ਜਦੋਂ ਸਭ ਦਾਗ਼ ਉਸ ਪਰਤੱਖ ਕਰ ਦਿੱਤੇ
ਮੈਂ ਅੱਖਾਂ ਮੀਚ ਕੇ ਰੋਇਆ ਕਿ ਪਾਗਲ ਹੋ ਗਿਆ ਸ਼ੀਸ਼ਾ

ਕਿਸੇ ਚਿਹਰੇ 'ਤੇ ਚਿੰਤਾ ਹੈ, ਕਿਸੇ 'ਤੇ ਖੌਫ਼ ਦਾ ਸਾਇਆ 
ਅਨੇਕਾਂ ਹਾਦਸੇ ਨਿੱਤ ਅਪਣੇ ਅੰਦਰ ਸਾਂਭਦਾ ਸ਼ੀਸ਼ਾ

ਅਨੇਕਾਂ ਹਾਦਸੇ ਟੰਗੇ ਨੇ ਉਸਦੇ ਨਾਲ ਕੰਧ ਉੱਤੇ
ਹਰਿੱਕ ਚਿਹਰੇ ਨੂੰ ਚੁੱਪ-ਚੁੱਪ ਘੂਰਦਾ ਪੱਥਰ ਜਿਹਾ ਸ਼ੀਸ਼ਾ

ਕਿਸੇ ਨੂੰ ਨੀਝ ਲਾਏ ਤੋਂ ਵੀ ਉਸਦਾ ਅਕਸ ਨਾ ਦਿਸਿਆ 
ਤਾਂ ਉਸਨੇ ਸੋਚਿਆ ਇਹੀ ਕਿ ਸ਼ਾਇਦ ਮਰ ਗਿਆ ਸ਼ੀਸ਼ਾ

ਨਾ ਇਉਂ ਸਾਕਾਰ ਕਰ ਸੈਆਂ ਕੁ ਟੁਕੜੇ ਮੇਰੇ ਅੰਦਰ ਦੇ
ਮੇਰੇ ਸਾਂਹਵੇ ਨਾ ਆ ਹੱਥਾਂ 'ਚ ਲੈ ਕੇ ਤਿੜਕਿਆ ਸ਼ੀਸ਼ਾ  .

Saturday 12 June 2010

ਏਸ ਨਗਰ ਦੇ ਲੋਕ..


ਏਸ ਨਗਰ ਦੇ ਲੋਕ ਹਮੇਸ਼ਾ ਸੋਚਾਂ ਵਿਚ  ਗ਼ਲਤਾਨ ਰਹੇ
ਨਜ਼ਰਾਂ ਦੇ ਵਿਚ ਬਾਗ਼-ਬਗ਼ੀਚੇ, ਖ਼ਾਬਾਂ ਵਿਚ ਸ਼ਮਸ਼ਾਨ ਰਹੇ

ਡਿੱਗਦਾ ਹੋਇਆ ਹੰਝੂ ਮੇਰੇ ਨਾਂ ਉਸ ਤਾਂ ਹੀ ਕਰ ਦਿੱਤਾ
ਅਪਣਾ ਦੁਖੜਾ ਰੋ ਹੋ ਜਾਵੇ, ਮੇਰੇ 'ਤੇ ਅਹਿਸਾਨ ਰਹੇ

ਰਾਹਾਂ ਦੇ ਵਿੱਚ ਰੋੜ ਨੁਕੀਲੇ, ਜਾਂ ਫਿਰ ਤਪਦੀ ਰੇਤ ਸਹੀ
ਤੁਰਨਾ ਹੈ, ਜਦ ਤੱਕ ਪੈਰਾਂ ਵਿਚ ਥੋੜੀ- ਬਹੁਤੀ ਜਾਨ ਰਹੇ

ਭਾਵੁਕਤਾ ਦੀ ਧੁੱਪ-ਛਾਂ ਦੇਵੀਂ, ਤੇ ਨੈਣਾਂ ਦਾ ਪਾਣੀ ਵੀ
ਤਾਂ ਜੋ ਸਧਰਾਂ ਦੇ ਬੂਟੇ ਦਾ ਪੁੰਗਰਨਾ ਆਸਾਨ ਰਹੇ

ਚਾਰੇ ਪਾਸੇ ਖ਼ੂਨ ਦੇ ਛੱਪੜ, ਫਿਰ ਵੀ ਦਿਖਦੇ ਸ਼ਾਂਤ ਬੜੇ
ਪੱਥਰ ਦੇ ਭਗਵਾਨ ਤਾਂ ਆਖ਼ਿਰ ਪੱਥਰ ਦੇ ਭਗਵਾਨ ਰਹੇ
                          ~~~~~~~~~

Sunday 6 June 2010

ਨ੍ਹੇਰ ਦੇ ਸੁੰਨੇ ਪਲਾਂ ਵਿੱਚ..

ਨ੍ਹੇਰ ਦੇ ਸੁੰਨੇ ਪਲਾਂ ਵਿੱਚ ਭਟਕਦੇ 'ਕੱਲੇ ਅਸੀਂ
ਭਾਲਦੇ ਪੂਰਬ ਨੂੰ ਖ਼ੁਦ ਹੀ ਅਸਤ ਹੋ ਚੱਲੇ ਅਸੀਂ

ਧੁੱਪ ਚੜ੍ਹ ਆਈ ਤਾਂ ਇਹਨਾਂ ਨੂੰ ਹਾਂ ਸਿਰ 'ਤੇ ਲੋਚਦੇ
ਰੱਖਿਆ ਛਾਵਾਂ ਨੂੰ ਹੁਣ ਤੱਕ ਠੋਕਰਾਂ ਥੱਲੇ ਅਸੀਂ

ਜੋ ਲਿਖੇ ਸਨ ਖ਼ੁਸ਼ਕੀਆਂ ਦੇ ਨਾਲ,ਪਰਤੇ ਖ਼ੁਸ਼ਕ ਹੀ
ਬੱਦਲਾਂ ਦੇ ਦੇਸ਼ ਨੂੰ ਜਿੰਨੇ ਵੀ ਖ਼ਤ ਘੱਲੇ ਅਸੀਂ

ਰਾਤ ਸਾਰੀ ਤਾਰਿਆਂ ਦੇ ਵੱਲ ਰਹਿੰਦੇ ਝਾਕਦੇ
ਰੌਸ਼ਨੀ ਦੀ ਭਾਲ਼ ਅੰਦਰ ਹੋ ਗਏ ਝੱਲੇ ਅਸੀਂ


ਤਾਂ ਹੀ ਸ਼ਾਇਦ ਹੈ ਸਲੀਕਾ, ਸੁਰ ਵੀ ਹੈ ਤੇ ਹੈ ਮਿਠਾਸ
ਬੰਸਰੀ ਵਾਂਗਰ ਗਏ ਕਿੰਨੀ ਦਫ਼ਾ ਸੱਲ੍ਹੇ ਅਸੀਂ !!

Friday 4 June 2010

ਹਰੇਕ ਪਲ ਨੂੰ ..


ਹਰੇਕ ਪਲ ਨੂੰ ਮੈਂ ਗਿਣ ਰਿਹਾ ਹਾਂ
ਉਡੀਕ ਤੇਰੀ ਹਿਸਾਬ  ਮੇਰਾ
ਨਵਾਜ਼ ਮੈਨੂੰ ਤੂੰ ਆ ਕੇ ਜਲਦੀ
ਹੈ ਤੇਰੀ ਆਮਦ ਖ਼ਿਤਾਬ ਮੇਰਾ |

ਨਾ ਦਿਨ ਚੜ੍ਹੇ ਦੀ ਨਾ ਦਿਨ ਲਹੇ ਦੀ

ਨਾ ਕੁਝ ਸੁਣੇ ਦੀ ਨਾ ਕੁਝ ਕਹੇ ਦੀ
ਹਮੇਸ਼ ਰਹਿੰਦੇ ਨੇ ਹੋ ਕੇ ਇਕ-ਮਿੱਕ
ਖ਼ਿਆਲ ਤੇਰਾ ਤੇ ਖ਼ਾਬ ਮੇਰਾ |

ਸਜੀਵ ਯਾਦਾਂ , ਸਜੀਵ ਕਿੱਸੇ
ਜੋ ਆਏ ਅਕਸਰ ਹੀ ਸਾਡੇ ਹਿੱਸੇ
ਅਸੀਮ ਚੇਤੇ 'ਚ ਹੁਣ ਵੀ ਮਹਿਕਣ
ਕਿਤਾਬ ਤੇਰੀ ਗੁਲਾਬ ਮੇਰਾ |

ਜੇ ਤੇਰਾ ਸ਼ੰਕਾ ਹੈ ਬੇਵਫ਼ਾਈ
ਤਾਂ ਮੇਰਾ ਡੰਕਾ ਇਮਾਨਦਾਰੀ
ਜੇ ਫੇਰ ਵੀ ਤੂੰ ਨਿਚੋੜ ਚਾਹੇਂ
ਸਵਾਲ ਤੇਰਾ ਜਵਾਬ ਮੇਰਾ |

ਆ ਇੱਕੋ ਪਿੰਡੇ 'ਤੇ ਝੱਲ ਲਈਏ
ਜੋ ਪੀੜ ਤੇਰੀ ਸੋ ਪੀੜ ਮੇਰੀ
ਆ ਇੱਕੋ ਨੇਤਰ 'ਚੋਂ ਦੇਖ ਲਈਏ
ਜੋ ਖ਼ਾਬ ਤੇਰਾ ਸੋ ਖ਼ਾਬ ਮੇਰਾ |

ਵਜੂਦ ਅਪਣੇ ਨੂੰ ਵੰਡਣੇ ਲਈ
ਨਾ ਤੂੰ ਸੀ ਰਾਜ਼ੀ ਨਾ ਮੈਂ ਸੀ ਰਾਜ਼ੀ
ਨਾ ਤੂੰ ਕਿਹਾ ਸੀ ਨਾ ਮੈਂ ਕਿਹਾ ਸੀ-
ਬਿਆਸ ਤੇਰਾ ਚਨਾਬ ਮੇਰਾ !

Monday 24 May 2010

ਬਕਾਇਆ ਮੇਰੀ ਹਰ ਧੜਕਣ ਦਾ ..





ਬਕਾਇਆ ਮੇਰੀ ਹਰ ਧੜਕਣ ਦਾ ਮੇਰੇ ਵੱਲ ਨਿੱਕਲਦਾ ਹੈ।
ਅਜੇ ਤਾਂ ਵਕ਼ਤ ਦਾ ਪਹੀਆ ਮੇਰੀ ਛਾਤੀ ਤੇ ਚਲਦਾ ਹੈ
----
ਸੁਨਹਿਰੀ ਸਿੱਟਿਆਂ ਨੂੰ ਵੇਖ ਕੇ ਵੀ ਖ਼ੁਸ਼ ਨਹੀਂ ਹੋਇਆ,
ਹੁਣ ਉਸਦੇ ਜ਼ਿਹਨ ਵਿੱਚ ਸੰਸਾ ਸਗੋਂ ਅਗਲੀ ਫ਼ਸਲ ਦਾ ਹੈ
----
ਜ਼ਰਾ ਹੁਸ਼ਿਆਰ ਹੀ ਰਹਿਣਾ, ਇਹ ਫੁੱਲ ਬਣਕੇ ਵੀ ਮਿਲ ਸਕਦੈ,
ਇਹ ਖ਼ੰਜਰ ਵਕ਼ਤ ਦਾ ਸੱਚੀਂ ਬੜੇ ਚਿਹਰੇ ਬਦਲਦਾ ਹੈ
----
ਬਲਾਵਾਂ ਨੂੰ, ਹਨੇਰੇ ਨੂੰ ਮਿਰੇ ਬਾਰੇ ਨਾ ਕੁਝ ਪੁੱਛਣਾ,
ਇਨ੍ਹਾਂ ਸਭਨਾਂ ਦਾ ਮੇਰੇ ਤੇ ਅਜੇ ਇਤਰਾਜ਼ ਚੱਲਦਾ ਹੈ
----
ਉਹ ਜਾਂ ਝੱਲਾ ਹੈ ਜਾਂ ਇਨਕਾਰ ਤੇ ਇਕਰਾਰ ਤੋਂ ਉੱਚਾ,
ਮਿਰੇ ਨਾਂ ਤੇ ਉਹ ਇੱਕ ਖਾਲੀ ਲਿਫ਼ਾਫ਼ਾ ਰੋਜ਼ ਘੱਲਦਾ ਹੈ
----
ਇਹ ਮਨ ਹੈ, ਇਸ ਚ ਉੱਠਣ ਮੱਸਿਆ ਦੀ ਰਾਤ ਨੂੰ ਛੱਲਾਂ,
ਤੇ ਨਾਲ਼ੇ ਪੋਹ ਦੀਆਂ ਰਾਤਾਂ ਦੇ ਵਿੱਚ ਲਾਵਾ ਪਿਘਲਦਾ ਹੈ
 ----   
ਹਨੇਰੀ ਰਾਤ ਵਿੱਚ ਰਾਹ ਲੱਭਦਿਆਂ ਉਹ ਹੋ ਗਿਆ ਜ਼ਖ਼ਮੀ,
ਉਹਨੂੰ ਸ਼ੱਕ ਸੀ ਕਿ ਇੱਕ ਸੂਰਜ ਉਦ੍ਹੇ ਮੱਥੇ ਚ ਬਲ਼ਦਾ ਹੈ

Saturday 22 May 2010

ਸਾਰੇ ਸਾਬਤ ਸਰੂਪ...

ਸਾਰੇ ਸਾਬਤ ਸਰੂਪ ਸਾਂਭਣਗੇ, ਪਰ ਨਾ ਟੁਕੜੇ ਸੰਭਾਲਦਾ ਕੋਈ।
ਜੋਤ ਮੱਥੇ ਦੀ ਸਾਂਭ ਕੇ ਰੱਖੀਂ, ਬੁਝ ਗਿਆਂ ਨੂੰ ਨਾ ਬਾਲ਼ਦਾ ਕੋਈ।
-----
ਮੇਰੇ  ਇਸ  ਰੰਗਮੰਚ  ਦਾ  ਯਾਰੋ, ਰੋਜ਼  ਪਰਦਾ  ਉਠਾਲ਼ਦਾ  ਕੋਈ।
ਮੇਰੇ ਨਾਟਕ ਚ ਮੇਰਾ ਪਲ ਵੀ ਨਹੀਂ-ਆਦਿ, ਆਖ਼ਿਰ,ਵਿਚਾਲ਼ ਦਾ ਕੋਈ।
-----
ਆਸੇ ਪਾਸੇ ਉੱਛਲਦੀ ਰਹਿੰਦੀ ਹੈ, ਕੋਈ ਫੜਦਾ ਹੈ ਟਾਲਦਾ ਕੋਈ
ਦੇ ਕੇ ਹਰ ਵਾਰ ਇਸਨੂੰ ਰੰਗ ਨਵਾਂ, ਇੱਕ ਖਿੱਦੋ ਉਛਾਲਦਾ ਕੋਈ
-----
ਅਪਣਾ ਆਪਾ ਸੰਵਾਰ ਕੇ ਰੱਖਾਂ, ਨੀਰ ਮੈਲ਼ਾ ਨਿਤਾਰ ਕੇ ਰੱਖਾਂ
ਰੋਜ਼ ਏਧਰ ਦੀ ਲੰਘਦਾ ਜਦ ਵੀ, ਮੇਰੇ ਪਾਣੀ ਹੰਘਾਲਦਾ ਕੋਈ
------
ਸ਼ਾਮ ਸੀਨੇ ਤੇ ਆ ਕੇ ਬਹਿ ਜਾਂਦੀ, ਅਪਣਾ ਕਿੱਸਾ ਅਰੋਕ ਕਹਿ ਜਾਂਦੀ
ਬੰਦ ਕਰ-ਕਰ ਕੇ ਹੋਸ਼ ਦੇ ਦੀਦੇ, ਰੋਜ਼  ਹੋਣੀ ਨੂੰ  ਟਾਲ਼ਦਾ  ਕੋਈ
-----
ਕਿਰਮਚੀ ਏਸ ਦੀ ਕਿਨਾਰੀ ਹੈ, ਫੁੱਲ ਵਾਹੇ ਅਨੇਕ ਰੰਗਾਂ ਦੇ
ਤੇਰੇ ਚਾਵਾਂ ਦੇ ਨਾਲ਼ ਮਿਲਦਾ ਹੈ, ਰੰਗ ਤੇਰੇ ਰੁਮਾਲ ਦਾ ਕੋਈ
-----
ਇੱਕ ਵਾਰੀ ਜੋ ਕਦੇ ਵੇਖ ਲਿਆ,ਸੱਚ ਹੋਵੇਗਾ ਲਾਜ਼ਮੀ ਇਕ ਦਿਨ
ਭਾਵੇਂ ਹੋਵੇ ਸਵੇਰ ਦਾ ਜਾਂ ਫਿਰ,ਹੋਵੇ ਸੁਪਨਾ ਤਿਕਾਲ਼ ਦਾ ਕੋਈ
-----
ਮੀਲਾਂ ਲੰਬੇ ਨੇ ਮਾਰੂਥਲ ਏਥੇ, ਚਾਰ ਬੂੰਦਾਂ ਕੁਝ ਔਕਾਤ ਨਹੀਂ
ਮੋਏ-ਗੁੰਮੇ ਨਾ ਪਰਤ ਕੇ ਆਏ, ਐਵੇਂ ਦੀਦੇ ਹੈ ਗਾਲ਼ਦਾ ਕੋਈ
-----
ਚੀਜ਼  ਜਚਦੀ  ਹਰੇਕ  ਥਾਂ  ਅਪਣੀ, ਜਿੱਥੇ  ਗੁੰਮੀ  ਹੈ ਓਥੋਂ ਲੱਭੇਗੀ
ਚੰਦ ਰਿਸ਼ਤੇ ਗੁਆਚੇ ਘਰ ਅੰਦਰ, ਫਿਰਦਾ ਸੜਕਾਂ ਤੇ ਭਾਲਦਾ ਕੋਈ
-----
ਸ਼ਾਂਤ ਰਹਿੰਦੇ ਤਾਂ ਜ਼ਿੰਦਗੀ ਰਹਿੰਦੀ, ਮੌਤ ਨੱਚੇ ਇਨਾਂ ਦੇ ਤਾਂਡਵ ਤੇ
ਹੈ ਨਾ ਡੱਕਾ ਯਕੀਨ ਅਗਨੀ ਦਾ, ਤੇ ਨ ਪਾਣੀ ਦੀ ਚਾਲ ਦਾ ਕੋਈ

-----
ਥੋੜੀ ਮਿੱਟੀ ਤੇ ਥੋੜਾ ਪਾਣੀ ਹੈ, ਨਾਲ਼ ਕੁਝ  ਅੱਗ ਵੀ  ਸੰਭਾਲੀ  ਹੈ
ਅਪਣੇ ਸੀਨੇ ਦੀ ਕਿਸੇ ਤਹਿ ਅੰਦਰ, ਬੀਜ ਦੀਵੇ ਦਾ ਪਾਲ਼ਦਾ ਕੋਈ
-----
ਤੇਰੇ ਨੈਣਾਂ ਚ ਤੇਰੇ ਮਸਤਕ ਵਿੱਚ, ਤੇ ਤਿਰੇ ਆਸ-ਪਾਸ ਆਈਨੇ
ਨੀਝ ਲਾਵੇਂ ਤਾਂ ਤੈਨੂੰ ਦਿਸ ਜਾਵੇ, ਤੇਰੇ ਸੁਪਨੇ ਉਧਾਲਦਾ ਕੋਈ
-----
ਨਾ ਤਾਂ ਇਹ ਮਿਲ ਸਕੀ ਕੈਲੰਡਰ ਚੋਂ, ਨਾ ਹੀ ਯਾਦਾਂ ਦੇ ਕਿਸੇ ਖੰਡਰ ਚੋਂ
ਪਲਟ  ਦਿੰਦਾ  ਹੈ  ਪੌਣ  ਦੇ  ਪੰਨੇ, ਤੇਰੀ  ਤਸਵੀਰ  ਭਾਲ਼ਦਾ  ਕੋਈ
-----
ਜਦ ਤੁਰੇ ਸੀ ਤਾਂ ਮਨ ਚ ਨਿਹਚਾ ਸੀ, ਨਾਲ਼ੇ ਸੁੱਚੀ ਤੜਪ ਸੀ ਮੰਜਿ਼ਲ ਦੀ
ਫੇਰ ਸਭ ਕਾਫ਼ਲੇ ਚੋਂ ਕਿਰਦੇ ਗਏ, ਰੋਕ  ਸਕਿਆ  ਨਾ  ਨਾਲ਼ ਦਾ ਕੋਈ
-----
ਛੋਹ ਜਦੋਂ ਮਿਲ ਸਕੀ ਨ ਕੇਸਾਂ ਨੂੰ, ਨਿੱਘ ਜਦ ਤੁਰ ਗਏ ਬਦੇਸ਼ਾਂ ਨੂੰ
ਫੇਰ ਪੱਲੇ ਉਨ੍ਹਾਂ ਦੇ ਰਹਿ ਜਾਣਾ, ਸਰਦ ਸੁਪਨਾ ਸਿਆਲ਼ ਦਾ ਕੋਈ
-----
ਹੱਸਦੇ-ਖੇਡਦੇ ਸਫ਼ਰ 'ਤੇ ਤੁਰੇ, ਤੁਰਦਿਆਂ ਰਾਹ 'ਚ ਇੱਕ ਸਰਾਂ ਆਈ
ਫਿਰ ਨਾ ਮਿਲਿਆ ਸੁਰਾਗ਼ ਰਾਹੀਆਂ ਦਾ, ਤੇ ਨ ਰਾਹੀਆਂ ਦੇ ਮਾਲ ਦਾ ਕੋਈ
-----
ਕੋਈ ਇੱਛਾ ਜਾਂ ਪਿਆਸ ਹੋਵੇਗੀ, ਜਾਂ ਤੇਰੇ ਮਨ ਦੀ ਆਸ ਹੋਵੇਗੀ
ਏਥੋਂ-ਓਥੋਂ ਜਵਾਬ ਲੱਭ ਜਾਣੈਂ , ਤੈਨੂੰ ਤੇਰੇ ਸਵਾਲ ਦਾ  ਕੋਈ
------
ਪੈਰ ਅੱਕੇ ਅਕਾਊ ਰਾਹਵਾਂ ਤੋਂ, ਬੋਲ ਥੱਕੇ  ਵਿਕਾਊ  ਨਾਂਵਾਂ  ਤੋਂ
ਸੈਆਂ ਰੰਗਾਂ ਦੇ ਭੌਣ ਚੋਂ ਹੁਣ ਤਾਂ, ਰੰਗ ਉੱਗੇ ਕਮਾਲ ਦਾ ਕੋਈ

Sunday 16 May 2010

ਸ਼ਾਂਤ ਹੁਣ ਪੈਰਾਂ ਦੀ ਭਟਕਣ..





ਸ਼ਾਂਤ ਹੁਣ ਪੈਰਾਂ ਦੀ ਭਟਕਣ ਹੋ ਗਈ।
ਚੱਲ ਘਰੇ ਚੱਲੀਏ ਕਿ ਆਥਣ ਹੋ ਗਈ।
----
ਉੱਗਦੇ ਚਾਨਣ ਦੀ ਚੁੰਨੀ ਪਹਿਨ ਕੇ
ਰਾਤ ਰਾਣੀ ਫਿਰ ਸੁਹਾਗਣ ਹੋ ਗਈ।
----
ਅੱਜ ਸਾਰਾ ਬਾਗ਼ ਹੈ ਤਾਹੀਓਂ ਉਦਾਸ
ਫੁੱਲ ਤੇ ਰੰਗਾਂ ਦੀ ਅਣਬਣ ਹੋ ਗਈ।
----
ਤੇਰੇ ਹੱਥੀਂ ਗ਼ੈਰ ਦਾ ਖ਼ਤ ਵੇਖ ਕੇ
ਦੂਰ ਇੱਕ ਮੇਰੀ ਵੀ ਉਲ਼ਝਣ ਹੋ ਗਈ।
----
ਰਾਤ ਭਰ ਨੈਣਾਂ ਚੋਂ ਭਾਰੀ ਮੀਂਹ ਪਿਆ
ਸੁਪਨਿਆਂ ਦੇ ਰਾਹ ਚ ਤਿਲਕਣ ਹੋ ਗਈ।
----
ਯਾਦ ਤੇਰੀ ਪੀੜ ਸੀ ਦਿਲ ਦੀ ਕਦੇ
ਹੌਲ਼ੀ-ਹੌਲ਼ੀ ਰੂਹ ਦਾ ਕੱਜਣ ਹੋ ਗਈ।

Wednesday 12 May 2010

ਮੈਂ ਐਸੇ ਰਾਹ ਤਲਾਸ਼ੇ ਨੇ..







ਮੈਂ ਐਸੇ ਰਾਹ ਤਲਾਸ਼ੇ ਨੇ ਜਿਨ੍ਹਾਂ 'ਤੇ ਛਾਂ ਨਹੀਂ ਕੋਈ
ਕਿਤੇ ਵੀ ਬੈਠ ਕੇ ਦਮ ਲੈਣ ਜੋਗੀ ਥਾਂ ਨਹੀਂ ਕੋਈ


ਬਿਗਾਨੇ ਸ਼ਹਿਰ ਵਿਚ ਖ਼ੁਸ਼ ਰਹਿਣ ਦਾ ਸਾਮਾਨ ਹੈ ਸਾਰਾ
ਬਿਠਾ ਕੇ ਗੋਦ ਅਥਰੂ ਪੂੰਝਦੀ ਪਰ ਮਾਂ ਨਹੀਂ ਕੋਈ

ਲਿਹਾਜ਼ੀ ਆਖਦੇ ਮੈਨੂੰ ਕਿ ਅਪਣੇ ਘਰ ਦੇ ਬੂਹੇ 'ਤੇ
ਮੈਂ ਤਖਤੀ ਤਾਂ ਲਵਾਈ ਹੈ ਪਰ ਉਸ 'ਤੇ ਨਾਂ ਨਹੀਂ ਕੋਈ

ਸੁਰਾਹੀ ਸਮਝ ਕੇ ਖ਼ੁਦ ਨੂੰ ਨਦੀ ਛੋਟਾ ਕਹੇ ਘਰ ਨੂੰ
ਤੇ ਹੁਣ ਉਸ ਵਾਸਤੇ ਉਸ ਘਰ ਦੇ ਅੰਦਰ ਥਾਂ ਨਹੀਂ ਕੋਈ

ਮੁਸਾਫ਼ਿਰ ਮੰਜ਼ਿਲਾਂ ਦੀ ਥਾਂ ਕਿਵੇਂ ਨਾ ਜਾਂ ਮਕ਼ਤਲ ਨੂੰ
ਮਨਾਂ ਵਿਚ ਧੁੱਪ ਹੈ  ਪੱਸਰੀ, ਸਿਰਾਂ 'ਤੇ ਛਾਂ ਨਹੀਂ ਕੋਈ

ਉਨ੍ਹਾਂ ਨੂੰ ਸ਼ੱਕ ਹੈ, ਕਣੀਆਂ ਦੀ ਥਾਂ ਅੰਗਿਆਰ ਬਰਸਣਗੇ
ਨਗਰ ਅੰਦਰ ਘਟਾਵਾਂ ਨੂੰ ਬੁਲਾਉਂਦਾ ਤਾਂ ਨਹੀਂ ਕੋਈ !! `

Saturday 8 May 2010

ਨਵੀਂ ਸਵੇਰ ਦੇ ..

ਨਵੀਂ ਸਵੇਰ ਦੇ ਮੁਖੜੇ ਜਹੀ ਕੋਈ ਮੂਰਤ
ਜੋ ਮੇਰੇ ਖ਼ਾਬ 'ਚ ਆਈ, ਬੁਲਾ ਗਈ ਮੈਨੂੰ
ਸਵੇਰ ਤੀਕ ਨਾ ਮੁੜਿਆ ਤਾਂ ਮੈਨੂੰ ਭੁੱਲ ਜਾਇਓ
ਬਸ ਏਹੋ ਸਮਝਿਓ,ਸਿਆਹ ਰਾਤ ਖਾ ਗਈ ਮੈਨੂੰ

ਜੇ ਹੋ ਸਕੇ ਤਾਂ ਫਿਰ ਏਨੀ ਉਚੇਚ ਕਰ ਜਾਣਾ
ਕਿ ਅਪਣੀ ਮੜਕ ਨੂੰ ਲੋੜਾਂ ਦੇ ਮੇਚ ਕਰ ਜਾਣਾ
ਉਦਾਸ ਜ਼ਿੰਦਗੀ ਪਿੰਡੇ ਤੇ ਚੀਥੜੇ ਪਹਿਨੀ
ਬਿਠਾ ਕੇ ਗੋਦ 'ਚ ਏਨਾ ਸਿਖਾ ਗਈ ਮੈਨੂੰ

ਮੈਂ ਜਿਸਨੇ ਸ਼ੋਖ ਹਵਾ ਦੀ ਨਾ ਆਰਜ਼ੂ ਵੇਖੀ
ਕਦੇ ਵੀ ਧੜਕਣਾਂ ਤੋਂ ਪਾਰ ਦੀ ਨਾ ਜੂਹ ਵੇਖੀ
ਮੈਂ ਜੋ ਜ਼ਮੀਨ 'ਤੇ ਪਾਰੇ ਦੇ ਵਾਂਗ ਤੁਰਦਾ ਸੀ
ਕਿਸੇ ਦੀ ਤੱਕਣੀ ਸ਼ੀਸ਼ਾ ਬਣਾ ਗਈ ਮੈਨੂੰ

ਨਹੀਂ ਮੈਂ ਦੋਸਤੋ ਹੈਰਾਨ ਉਸਦੇ ਕਾਰੇ 'ਤੇ
ਉਹ ਚੜ੍ਹ ਕੇ ਆ ਗਈ ਮੇਰੇ ਹੀ ਇੱਕ ਇਸ਼ਾਰੇ 'ਤੇ
ਸਣੇ ਕਮਾਨ ਤੇ ਤੀਰਾਂ ਦੇ ਤੋੜ ਕੇ ਤਰਕਸ਼
ਸਰੇ-ਬਜ਼ਾਰ ਮੇਰੀ ਮੈਂ ਹਰਾ ਗਈ ਮੈਨੂੰ

ਬੱਸ ਏਹੋ ਹੁਨਰ ਹੀ ਮੇਰੇ ਜਿਗਰ ਦਾ ਦਰਦ ਹਰੇ
ਇਹੋ ਖ਼ਿਆਲ ਹੀ ਮੇਰੇ ਲਹੂ 'ਚ ਰੰਗ ਭਰੇ
ਬੇਗਾਨੀ ਪੀੜ ਨੂੰ ਮੱਥੇ ਸਜਾਉਣ ਸਿਖਿਆ ਹਾਂ
ਇਹੋ ਹੀ ਟੂੰਮ ਹੈ ਜਿਹੜੀ ਸਜਾ ਗਈ ਮੈਨੂੰ !

Thursday 6 May 2010

ਇਨ੍ਹਾਂ ਪੈੜਾਂ ਦਾ ਰੇਤਾ..


ਇਨ੍ਹਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲੀ 'ਚ ਭਰ ਲਈਏ
ਚਲੋ ਏਸੇ ਬਹਾਨੇ ਵਿਸਰਿਆਂ ਨੂੰ ਯਾਦ ਕਰ ਲਈਏ

ਉਹ ਅਪਣੀ ਕਹਿਕਸ਼ਾਂ 'ਚੋਂ ਨਿੱਕਲ ਕੇ ਅੱਜ ਬਾਹਰ ਆਇਆ ਹੈ
ਚਲੋ ਉਸ ਭਟਕਦੇ ਤਾਰੇ ਦੀ ਚੱਲ ਕੇ ਕੁਝ ਖ਼ਬਰ ਲਈਏ

ਉਲੀਕੇ ਖੰਭ ਕਾਗਜ਼ 'ਤੇ, ਦੁਆਲੇ ਹਾਸ਼ੀਆ ਲਾਵੇ
ਕਿਵੇਂ ਵਾਪਸ ਨਿਆਣੀ ਤੋਂ ਉਦ੍ਹੇ ਅੰਦਰਲੇ ਡਰ ਲਈਏ

ਜਿਵੇਂ ਇੱਕ ਪੌਣ 'ਚੋਂ ਖੁਸ਼ਬੂ, ਜਿਵੇਂ ਇੱਕ ਨੀਂਦ 'ਚੋਂ ਸੁਪਨਾ
ਚਲੋ ਅੱਜ ਦੋਸਤੋ ਇੱਕ-ਦੂਸਰੇ 'ਚੋਂ ਇਉਂ ਗੁਜ਼ਰ ਲਈਏ

ਅਸੀਂ ਵੀ ਖ਼ੂਬ ਹਾਂ, ਕਿਧਰੇ ਤਾਂ ਨ੍ਹੇਰੇ ਨੂੰ ਵੀ ਜਰ ਲਈਏ
ਤੇ ਕਿਧਰੇ ਬਿਰਖ ਦੀ ਇਕ ਛਾਂ 'ਤੇ ਹੀ ਇਤਰਾਜ਼ ਕਰ ਲਈਏ !

ਬੇਗਾਨੇ ਰਸਤਿਆਂ ਦੇ ਨਾਮ..

ਬੇਗਾਨੇ ਰਸਤਿਆਂ ਦੇ ਨਾਮ ਦੀ ਅਰਦਾਸ ਹੋ ਕੇ
ਘਰੋਂ ਤੁਰੀਆਂ ਨੇ ਪੈੜਾਂ ਆਪਣਾ ਚਿਹਰਾ ਲੁਕੋ ਕੇ

ਸਮੇਂ ਦੀ ਹਿੱਕ ਹੀ ਵਿਨ੍ਹ ਕੇ ਧਰੀ ਸ਼ੋਕੇਸ ਅੰਦਰ
ਉਨ੍ਹਾਂ ਰੱਖੀ ਹੈ ਤਿੱਖੀ ਸੂਲ ਵਿਚ ਤਿਤਲੀ ਪਰੋ ਕੇ

ਅਜੇ ਕਲ੍ਹ ਹੀ ਤਾਂ ਉਸਨੇ ਆਖਿਆ ਮੈਨੂੰ ਬੇਗਾਨਾ
ਤੇ ਮੈਂ ਉਸ ਜੂਹ ਦੇ ਵਿਚ ਵੜਦਾ ਹਾਂ ਅਪਣੇ ਪੈਰ ਧੋ ਕੇ

ਵਫ਼ਾ ਤੇਰੀ 'ਚ ਕਿੰਨਾ ਜੋਸ਼ ਹੈ,ਵੇਖਾਂਗੇ ਇਕ ਦਿਨ
ਚੁਫ਼ੇਰੇ ਤੇਜ਼ ਤਲਵਾਰਾਂ 'ਚ ਨੰਗੇ ਧੜ ਖਲੋ ਕੇ

ਉਡੀਕਣ ਦਾ ਕਿਸੇ ਨੂੰ ਇਹ ਵੀ ਇੱਕ ਅੰਦਾਜ਼ ਹੁੰਦੈ
ਜੇ ਪਾਈਏ ਔਂਸੀਆਂ, ਤਾਂ ਖੂਨ ਵਿਚ ਉਂਗਲੀ ਡੁਬੋ ਕੇ !!

Wednesday 5 May 2010

ਕੁਥਾਏਂ ਵਰ੍ਹਨ ਦਾ...


ਕੁਥਾਏਂ ਵਰ੍ਹਨ ਦਾ ਅਹਿਸਾਸ ਵੀ ਹੈ,
ਥਲਾਂ ਦੀ ਤੇਹ ਨੂੰ ਵੀ ਇਹ ਸਮਝਦੇ ਨੇ
ਭਿਓਂ ਕੇ ਤੁਰ ਗਏ ਧਰਤੀ ਦਾ ਮੋਢਾ,
ਇਹ ਬੱਦਲ ਜੋ ਹੁਣੇ ਰੋ ਕੇ ਹਟੇ ਨੇ |

ਖ਼‌ਿਆਲਾਂ ਤੇਰਿਆਂ ਤਕ ਆਣ ਪਹੁੰਚਾ
ਮੇਰੇ ਅਹਿਸਾਸ ਇਕਦਮ ਜੀ ਪਏ ਨੇ
ਜਿਵੇਂ ਜਲ 'ਤੇ ਕੋਈ ਲਿਸ਼ਕੋਰ ਪੈਂਦੀ
ਹਵਾ ਆਈ ਤੋਂ ਪੱਤੇ ਧੜਕਦੇ ਨੇ |

ਮੈਂ ਵਰ੍ਹਿਆਂ ਤੋਂ ਜੋ ਏਥੇ ਹੀ ਖੜ੍ਹਾ ਸਾਂ
ਤੇ ਲੰਬੀ ਰਾਤ ਵਿਚ ਕੁਝ ਭਾਲਦਾ ਸਾਂ
ਮੇਰੇ ਸੰਤੋਖ ਦੀ ਭਰਦੇ ਗਵਾਹੀ
ਜੋ ਪਰਲੇ ਪਾਰ ਕੁਝ ਦੀਵੇ ਜਗੇ ਨੇ |

ਇਨ੍ਹਾਂ ਨੂੰ ਤਾਣਿਆ ਲੋਕਾਂ ਨੇ ਪਹਿਲਾਂ -
ਘਰਾਂ ਵਿਚ,ਕਮਰਿਆਂ ਵਿਚ, ਫਿਰ ਮਨਾਂ ਵਿਚ
ਤੇ ਹੁਣ ਉਹ ਖੁਦ ਨੂੰ ਵੀ ਵੇਖਣ ਤੋਂ ਡਰਦੇ
ਇਹ ਪਰਦੇ ਸ਼ੀਸ਼ਿਆਂ ਅੱਗੇ ਤਣੇ ਨੇ |

ਮੈਂ ਅਪਣੇ ਆਪ ਵਿਚ ਇਕ ਬੀਜ ਹੀ ਸਾਂ
ਉਨ੍ਹਾਂ ਨੇ ਮੇਰੇ ਅੰਦਰ ਬਿਰਖ ਤੱਕਿਆ
ਮੈਂ ਉੱਠਾਂ ਕੁਝ ਕਰਾਂ ਉਗਮਣ ਦਾ ਚਾਰਾ
ਉਹ ਸਾਰੇ ਮੇਰੇ ਵਾਲ ਹੀ ਵੇਖਦੇ ਨੇ !

ਕਹਾਣੀ ਇਹ ਨਹੀਂ ਪਿਆਸੇ ਨੇ ਸਾਰੇ
ਖੜੇ੍ ਜੋ ਵੇਖਦੇ ਮਾਸੂਮ ਬੂਟੇ
ਸਿਤਮ ਇਹ ਹੈ ਕਿ ਹਰਿਆਲੀ ਦੀ ਰੁੱਤੇ
ਇਹ ਆਪੋ-ਆਪਣੇ ਫੁੱਲ ਚੁਗ ਰਹੇ ਨੇ !

ਰੋਹੀਆਂ ‘ਚ ਰੁਲਦਿਆਂ ਨੂੰ..




ਰੋਹੀਆਂ ‘ਚ ਰੁਲਦਿਆਂ ਨੂੰ




Tuesday 4 May 2010

ਆਦਿਕਾ...


ਸਹਿਜ ਹੋ ਜਾਓ, ਸੁਣੋ! ਏਨਾ ਨਾ ਘਬਰਾਓ ਤੁਸੀਂ
ਆਪਣੀ ਸੰਜੀਦਗੀ ਨੂੰ ਸਾਣ 'ਤੇ ਲਾਓ ਤੁਸੀਂ
ਮੇਰਿਓ ਸ਼ਬਦੋ, ਤੁਹਾਡਾ ਮੰਨਿਆ ਵਕ਼ਤਾ ਹਾਂ ਮੈਂ
ਮੈਥੋਂ ਪਰ ਸਾਰੇ ਸਿਆਣੇ, ਬੋਲਣੋ ਝਕਦਾ ਹਾਂ ਮੈਂ

ਕੀ ਕਹਾਂ ਪਰਵਾਨਿਆਂ ਨੂੰ-ਪੀੜ ਦੀ ਪੈਂਤੀ ਪੜ੍ਹੋ!?
ਕੀ ਕਹਾਂ ਫੁੱਲਾਂ ਨੂੰ ਜਾ ਕੇ- ਮਹਿਕ ਦੀ ਮੰਡੀ ਵੜੋ!?
ਕੀ ਕਹਾਂ ਮੈਂ ਦਾਨਿਆਂ ਨੂੰ- ਅਰਸ਼ 'ਤੇ ਤਾਰੇ ਜੜੋ!?
ਕੀ ਕਹਾਂ ਬਾਜ਼ਾਂ ਨੂੰ-ਜਾ ਕੇ ਪੌਣ ਦੇ ਮੋਢੇ ਚੜ੍ਹੋ !?
ਕੀ ਕਹਾਂ ਰੁੱਖਾਂ ਨੂੰ- ਛਾਵਾਂ ਦੇਣ ਲਈ ਧੁੱਪੇ ਖੜੋ੍ !?
ਕੀ ਕਹਾਂ ਦੀਵਾਨਿਆਂ ਨੂੰ- ਇਸ਼ਕ਼ ਦਾ ਕਲਮਾ ਪੜ੍ਹੋ !?
ਕੀ ਕਹਾਂ ਰਾਹੀਆਂ ਨੂੰ- ਮੰਜ਼ਿਲ ਦਾ ਸਹੀ ਰਸਤਾ ਫੜੋ !?

ਜੀਹਦੇ ਜੋ ਜ਼ਿੰਮੇ ਹੈ,ਆਪੇ ਹੀ ਕਰੇਗਾ ਓਸ ਨੂੰ
ਚੀਜ਼ ਜੋ ਜਿਥੋਂ ਦੀ ਹੈ, ਓਥੇ ਧਰੇਗਾ ਓਸ ਨੂੰ |
ਆਪ ਹੀ ਵੇਖੇਗਾ ਜਿੱਥੇ ਜੋ ਵੀ ਜੀਹਦਾ ਫਰਜ਼ ਹੈ
ਤਾਰ ਕੇ ਛੁੱਟੇਗਾ, ਕਿੱਥੇ ਕਿ ਕਿਸੇ 'ਤੇ ਕਰਜ਼ ਹੈ

ਫੇਰ ਵੀ ਬੇਚੈਨ ਹੋ ਜੇ, ਗੱਲ ਤਾਂ ਕੁਝ ਹੈ ਜ਼ਰੂਰ
ਜੇ ਕੀਤੇ ਬਦਰੰਗ ਹੈ ਕੁਝ, ਓਸ ਵਿਚ ਸਭ ਦਾ ਕਸੂਰ

ਇਸ ਤਰਾਂ ਜੇ ਹੈ ਤਾਂ ਜੋ ਬਣਦਾ ਹੈ ਉਹ ਕਹਿਣਾ ਤੁਸੀਂ
ਮੇਰਿਓ ਸ਼੍ਬਦੋ ! ਕਦੇ ਵੀ ਸਹਿਜ ਨਾ ਰਹਿਣਾ ਤੁਸੀਂ......!!