Wednesday, 5 May 2010

ਕੁਥਾਏਂ ਵਰ੍ਹਨ ਦਾ...


ਕੁਥਾਏਂ ਵਰ੍ਹਨ ਦਾ ਅਹਿਸਾਸ ਵੀ ਹੈ,
ਥਲਾਂ ਦੀ ਤੇਹ ਨੂੰ ਵੀ ਇਹ ਸਮਝਦੇ ਨੇ
ਭਿਓਂ ਕੇ ਤੁਰ ਗਏ ਧਰਤੀ ਦਾ ਮੋਢਾ,
ਇਹ ਬੱਦਲ ਜੋ ਹੁਣੇ ਰੋ ਕੇ ਹਟੇ ਨੇ |

ਖ਼‌ਿਆਲਾਂ ਤੇਰਿਆਂ ਤਕ ਆਣ ਪਹੁੰਚਾ
ਮੇਰੇ ਅਹਿਸਾਸ ਇਕਦਮ ਜੀ ਪਏ ਨੇ
ਜਿਵੇਂ ਜਲ 'ਤੇ ਕੋਈ ਲਿਸ਼ਕੋਰ ਪੈਂਦੀ
ਹਵਾ ਆਈ ਤੋਂ ਪੱਤੇ ਧੜਕਦੇ ਨੇ |

ਮੈਂ ਵਰ੍ਹਿਆਂ ਤੋਂ ਜੋ ਏਥੇ ਹੀ ਖੜ੍ਹਾ ਸਾਂ
ਤੇ ਲੰਬੀ ਰਾਤ ਵਿਚ ਕੁਝ ਭਾਲਦਾ ਸਾਂ
ਮੇਰੇ ਸੰਤੋਖ ਦੀ ਭਰਦੇ ਗਵਾਹੀ
ਜੋ ਪਰਲੇ ਪਾਰ ਕੁਝ ਦੀਵੇ ਜਗੇ ਨੇ |

ਇਨ੍ਹਾਂ ਨੂੰ ਤਾਣਿਆ ਲੋਕਾਂ ਨੇ ਪਹਿਲਾਂ -
ਘਰਾਂ ਵਿਚ,ਕਮਰਿਆਂ ਵਿਚ, ਫਿਰ ਮਨਾਂ ਵਿਚ
ਤੇ ਹੁਣ ਉਹ ਖੁਦ ਨੂੰ ਵੀ ਵੇਖਣ ਤੋਂ ਡਰਦੇ
ਇਹ ਪਰਦੇ ਸ਼ੀਸ਼ਿਆਂ ਅੱਗੇ ਤਣੇ ਨੇ |

ਮੈਂ ਅਪਣੇ ਆਪ ਵਿਚ ਇਕ ਬੀਜ ਹੀ ਸਾਂ
ਉਨ੍ਹਾਂ ਨੇ ਮੇਰੇ ਅੰਦਰ ਬਿਰਖ ਤੱਕਿਆ
ਮੈਂ ਉੱਠਾਂ ਕੁਝ ਕਰਾਂ ਉਗਮਣ ਦਾ ਚਾਰਾ
ਉਹ ਸਾਰੇ ਮੇਰੇ ਵਾਲ ਹੀ ਵੇਖਦੇ ਨੇ !

ਕਹਾਣੀ ਇਹ ਨਹੀਂ ਪਿਆਸੇ ਨੇ ਸਾਰੇ
ਖੜੇ੍ ਜੋ ਵੇਖਦੇ ਮਾਸੂਮ ਬੂਟੇ
ਸਿਤਮ ਇਹ ਹੈ ਕਿ ਹਰਿਆਲੀ ਦੀ ਰੁੱਤੇ
ਇਹ ਆਪੋ-ਆਪਣੇ ਫੁੱਲ ਚੁਗ ਰਹੇ ਨੇ !

No comments:

Post a Comment