ਖੌਰੇ ਪਾਂਧੀ ਕਿੰਨਾ ਚਿਰ ਬਹਿ ਸਕਣ ਇਨ੍ਹਾਂ ਦੀ ਛਾਵੇਂ
ਪੱਤਝੜ ਪੁੱਛਦੀ ਫਿਰਦੀ ਸੀ ਕੱਲ੍ਹ ਰੁੱਖਾਂ ਦੇ ਸਿਰਨਾਵੇਂ
ਮਾਰੂਥਲ ਵਿੱਚ ਧੁੱਪਾਂ ਨੇ ਜਦ ਅਪਣਾ ਜ਼ੋਰ ਵਿਖਾਇਆ
ਵੇਖੀਂ ਭੱਜ-ਭੱਜ ਬੈਠਣਗੇ ਉਹ ਇੱਕ-ਦੂਜੇ ਦੀ ਛਾਵੇਂ
ਕੀ ਜ਼ਿੰਦਗੀ ਨੂੰ ਲਿਖਣਾ ਸਿੱਖਣਾ, ਕੀ ਅਰਥਾਂ ਤੱਕ ਜਾਣਾ
ਹਾਲੇ ਤੱਕ ਇਹ ਯਾਦ ਨ ਹੋਏ ਅੱਖਰ ਚਾਰ ਭੁਲਾਵੇਂ
ਗੇਰੂ ਰੰਗੀ ਸ਼ਾਮ ਦਿਆਂ ਰੰਗਾਂ ਤੋਂ ਮੁਨਕਰ ਹੋ ਕੇ
ਮਨ ਦੇ ਸੁੰਨੇ ਘਰ ਵਿੱਚ ਘੁੰਮਦੇ ਰਹਿੰਦੇ ਕੁਝ ਪਰਛਾਵੇਂ
ਬੇਮਤਲਬ ਹੈ ਬੇਮੰਜ਼ਿਲ ਰਾਹੀਆਂ ਦੇ ਪਿੱਛੇ ਜਾਣਾ
ਫਿਰ ਵੀ ਜ਼ਿਹਨ 'ਚ ਸਾਂਭੀ ਰੱਖੀਂ ਪੈੜਾਂ ਦੇ ਸਿਰਨਾਵੇਂ
~~~~~~~~~
ਗੇਰੂ ਰੰਗੀ ਸ਼ਾਮ ਦਿਆਂ ਰੰਗਾਂ ਤੋਂ ਮੁਨਕਰ ਹੋ ਕੇ
ReplyDeleteਮਨ ਦੇ ਸੁੰਨੇ ਘਰ ਵਿੱਚ ਘੁੰਮਦੇ ਰਹਿੰਦੇ ਕੁਝ ਪਰਛਾਵੇਂ
ਰਜਿੰਦਰਜੀਤ ਜੀ ਬਹੁਤ ਖੂਬ !