Saturday, 8 May 2010

ਨਵੀਂ ਸਵੇਰ ਦੇ ..

ਨਵੀਂ ਸਵੇਰ ਦੇ ਮੁਖੜੇ ਜਹੀ ਕੋਈ ਮੂਰਤ
ਜੋ ਮੇਰੇ ਖ਼ਾਬ 'ਚ ਆਈ, ਬੁਲਾ ਗਈ ਮੈਨੂੰ
ਸਵੇਰ ਤੀਕ ਨਾ ਮੁੜਿਆ ਤਾਂ ਮੈਨੂੰ ਭੁੱਲ ਜਾਇਓ
ਬਸ ਏਹੋ ਸਮਝਿਓ,ਸਿਆਹ ਰਾਤ ਖਾ ਗਈ ਮੈਨੂੰ

ਜੇ ਹੋ ਸਕੇ ਤਾਂ ਫਿਰ ਏਨੀ ਉਚੇਚ ਕਰ ਜਾਣਾ
ਕਿ ਅਪਣੀ ਮੜਕ ਨੂੰ ਲੋੜਾਂ ਦੇ ਮੇਚ ਕਰ ਜਾਣਾ
ਉਦਾਸ ਜ਼ਿੰਦਗੀ ਪਿੰਡੇ ਤੇ ਚੀਥੜੇ ਪਹਿਨੀ
ਬਿਠਾ ਕੇ ਗੋਦ 'ਚ ਏਨਾ ਸਿਖਾ ਗਈ ਮੈਨੂੰ

ਮੈਂ ਜਿਸਨੇ ਸ਼ੋਖ ਹਵਾ ਦੀ ਨਾ ਆਰਜ਼ੂ ਵੇਖੀ
ਕਦੇ ਵੀ ਧੜਕਣਾਂ ਤੋਂ ਪਾਰ ਦੀ ਨਾ ਜੂਹ ਵੇਖੀ
ਮੈਂ ਜੋ ਜ਼ਮੀਨ 'ਤੇ ਪਾਰੇ ਦੇ ਵਾਂਗ ਤੁਰਦਾ ਸੀ
ਕਿਸੇ ਦੀ ਤੱਕਣੀ ਸ਼ੀਸ਼ਾ ਬਣਾ ਗਈ ਮੈਨੂੰ

ਨਹੀਂ ਮੈਂ ਦੋਸਤੋ ਹੈਰਾਨ ਉਸਦੇ ਕਾਰੇ 'ਤੇ
ਉਹ ਚੜ੍ਹ ਕੇ ਆ ਗਈ ਮੇਰੇ ਹੀ ਇੱਕ ਇਸ਼ਾਰੇ 'ਤੇ
ਸਣੇ ਕਮਾਨ ਤੇ ਤੀਰਾਂ ਦੇ ਤੋੜ ਕੇ ਤਰਕਸ਼
ਸਰੇ-ਬਜ਼ਾਰ ਮੇਰੀ ਮੈਂ ਹਰਾ ਗਈ ਮੈਨੂੰ

ਬੱਸ ਏਹੋ ਹੁਨਰ ਹੀ ਮੇਰੇ ਜਿਗਰ ਦਾ ਦਰਦ ਹਰੇ
ਇਹੋ ਖ਼ਿਆਲ ਹੀ ਮੇਰੇ ਲਹੂ 'ਚ ਰੰਗ ਭਰੇ
ਬੇਗਾਨੀ ਪੀੜ ਨੂੰ ਮੱਥੇ ਸਜਾਉਣ ਸਿਖਿਆ ਹਾਂ
ਇਹੋ ਹੀ ਟੂੰਮ ਹੈ ਜਿਹੜੀ ਸਜਾ ਗਈ ਮੈਨੂੰ !

1 comment:

  1. Ik uchch koti di rachna, ik shayar de antar di asal peed,...har pakhkhon muqammal ! Wah !

    ReplyDelete