Saturday, 22 May 2010

ਸਾਰੇ ਸਾਬਤ ਸਰੂਪ...

ਸਾਰੇ ਸਾਬਤ ਸਰੂਪ ਸਾਂਭਣਗੇ, ਪਰ ਨਾ ਟੁਕੜੇ ਸੰਭਾਲਦਾ ਕੋਈ।
ਜੋਤ ਮੱਥੇ ਦੀ ਸਾਂਭ ਕੇ ਰੱਖੀਂ, ਬੁਝ ਗਿਆਂ ਨੂੰ ਨਾ ਬਾਲ਼ਦਾ ਕੋਈ।
-----
ਮੇਰੇ  ਇਸ  ਰੰਗਮੰਚ  ਦਾ  ਯਾਰੋ, ਰੋਜ਼  ਪਰਦਾ  ਉਠਾਲ਼ਦਾ  ਕੋਈ।
ਮੇਰੇ ਨਾਟਕ ਚ ਮੇਰਾ ਪਲ ਵੀ ਨਹੀਂ-ਆਦਿ, ਆਖ਼ਿਰ,ਵਿਚਾਲ਼ ਦਾ ਕੋਈ।
-----
ਆਸੇ ਪਾਸੇ ਉੱਛਲਦੀ ਰਹਿੰਦੀ ਹੈ, ਕੋਈ ਫੜਦਾ ਹੈ ਟਾਲਦਾ ਕੋਈ
ਦੇ ਕੇ ਹਰ ਵਾਰ ਇਸਨੂੰ ਰੰਗ ਨਵਾਂ, ਇੱਕ ਖਿੱਦੋ ਉਛਾਲਦਾ ਕੋਈ
-----
ਅਪਣਾ ਆਪਾ ਸੰਵਾਰ ਕੇ ਰੱਖਾਂ, ਨੀਰ ਮੈਲ਼ਾ ਨਿਤਾਰ ਕੇ ਰੱਖਾਂ
ਰੋਜ਼ ਏਧਰ ਦੀ ਲੰਘਦਾ ਜਦ ਵੀ, ਮੇਰੇ ਪਾਣੀ ਹੰਘਾਲਦਾ ਕੋਈ
------
ਸ਼ਾਮ ਸੀਨੇ ਤੇ ਆ ਕੇ ਬਹਿ ਜਾਂਦੀ, ਅਪਣਾ ਕਿੱਸਾ ਅਰੋਕ ਕਹਿ ਜਾਂਦੀ
ਬੰਦ ਕਰ-ਕਰ ਕੇ ਹੋਸ਼ ਦੇ ਦੀਦੇ, ਰੋਜ਼  ਹੋਣੀ ਨੂੰ  ਟਾਲ਼ਦਾ  ਕੋਈ
-----
ਕਿਰਮਚੀ ਏਸ ਦੀ ਕਿਨਾਰੀ ਹੈ, ਫੁੱਲ ਵਾਹੇ ਅਨੇਕ ਰੰਗਾਂ ਦੇ
ਤੇਰੇ ਚਾਵਾਂ ਦੇ ਨਾਲ਼ ਮਿਲਦਾ ਹੈ, ਰੰਗ ਤੇਰੇ ਰੁਮਾਲ ਦਾ ਕੋਈ
-----
ਇੱਕ ਵਾਰੀ ਜੋ ਕਦੇ ਵੇਖ ਲਿਆ,ਸੱਚ ਹੋਵੇਗਾ ਲਾਜ਼ਮੀ ਇਕ ਦਿਨ
ਭਾਵੇਂ ਹੋਵੇ ਸਵੇਰ ਦਾ ਜਾਂ ਫਿਰ,ਹੋਵੇ ਸੁਪਨਾ ਤਿਕਾਲ਼ ਦਾ ਕੋਈ
-----
ਮੀਲਾਂ ਲੰਬੇ ਨੇ ਮਾਰੂਥਲ ਏਥੇ, ਚਾਰ ਬੂੰਦਾਂ ਕੁਝ ਔਕਾਤ ਨਹੀਂ
ਮੋਏ-ਗੁੰਮੇ ਨਾ ਪਰਤ ਕੇ ਆਏ, ਐਵੇਂ ਦੀਦੇ ਹੈ ਗਾਲ਼ਦਾ ਕੋਈ
-----
ਚੀਜ਼  ਜਚਦੀ  ਹਰੇਕ  ਥਾਂ  ਅਪਣੀ, ਜਿੱਥੇ  ਗੁੰਮੀ  ਹੈ ਓਥੋਂ ਲੱਭੇਗੀ
ਚੰਦ ਰਿਸ਼ਤੇ ਗੁਆਚੇ ਘਰ ਅੰਦਰ, ਫਿਰਦਾ ਸੜਕਾਂ ਤੇ ਭਾਲਦਾ ਕੋਈ
-----
ਸ਼ਾਂਤ ਰਹਿੰਦੇ ਤਾਂ ਜ਼ਿੰਦਗੀ ਰਹਿੰਦੀ, ਮੌਤ ਨੱਚੇ ਇਨਾਂ ਦੇ ਤਾਂਡਵ ਤੇ
ਹੈ ਨਾ ਡੱਕਾ ਯਕੀਨ ਅਗਨੀ ਦਾ, ਤੇ ਨ ਪਾਣੀ ਦੀ ਚਾਲ ਦਾ ਕੋਈ

-----
ਥੋੜੀ ਮਿੱਟੀ ਤੇ ਥੋੜਾ ਪਾਣੀ ਹੈ, ਨਾਲ਼ ਕੁਝ  ਅੱਗ ਵੀ  ਸੰਭਾਲੀ  ਹੈ
ਅਪਣੇ ਸੀਨੇ ਦੀ ਕਿਸੇ ਤਹਿ ਅੰਦਰ, ਬੀਜ ਦੀਵੇ ਦਾ ਪਾਲ਼ਦਾ ਕੋਈ
-----
ਤੇਰੇ ਨੈਣਾਂ ਚ ਤੇਰੇ ਮਸਤਕ ਵਿੱਚ, ਤੇ ਤਿਰੇ ਆਸ-ਪਾਸ ਆਈਨੇ
ਨੀਝ ਲਾਵੇਂ ਤਾਂ ਤੈਨੂੰ ਦਿਸ ਜਾਵੇ, ਤੇਰੇ ਸੁਪਨੇ ਉਧਾਲਦਾ ਕੋਈ
-----
ਨਾ ਤਾਂ ਇਹ ਮਿਲ ਸਕੀ ਕੈਲੰਡਰ ਚੋਂ, ਨਾ ਹੀ ਯਾਦਾਂ ਦੇ ਕਿਸੇ ਖੰਡਰ ਚੋਂ
ਪਲਟ  ਦਿੰਦਾ  ਹੈ  ਪੌਣ  ਦੇ  ਪੰਨੇ, ਤੇਰੀ  ਤਸਵੀਰ  ਭਾਲ਼ਦਾ  ਕੋਈ
-----
ਜਦ ਤੁਰੇ ਸੀ ਤਾਂ ਮਨ ਚ ਨਿਹਚਾ ਸੀ, ਨਾਲ਼ੇ ਸੁੱਚੀ ਤੜਪ ਸੀ ਮੰਜਿ਼ਲ ਦੀ
ਫੇਰ ਸਭ ਕਾਫ਼ਲੇ ਚੋਂ ਕਿਰਦੇ ਗਏ, ਰੋਕ  ਸਕਿਆ  ਨਾ  ਨਾਲ਼ ਦਾ ਕੋਈ
-----
ਛੋਹ ਜਦੋਂ ਮਿਲ ਸਕੀ ਨ ਕੇਸਾਂ ਨੂੰ, ਨਿੱਘ ਜਦ ਤੁਰ ਗਏ ਬਦੇਸ਼ਾਂ ਨੂੰ
ਫੇਰ ਪੱਲੇ ਉਨ੍ਹਾਂ ਦੇ ਰਹਿ ਜਾਣਾ, ਸਰਦ ਸੁਪਨਾ ਸਿਆਲ਼ ਦਾ ਕੋਈ
-----
ਹੱਸਦੇ-ਖੇਡਦੇ ਸਫ਼ਰ 'ਤੇ ਤੁਰੇ, ਤੁਰਦਿਆਂ ਰਾਹ 'ਚ ਇੱਕ ਸਰਾਂ ਆਈ
ਫਿਰ ਨਾ ਮਿਲਿਆ ਸੁਰਾਗ਼ ਰਾਹੀਆਂ ਦਾ, ਤੇ ਨ ਰਾਹੀਆਂ ਦੇ ਮਾਲ ਦਾ ਕੋਈ
-----
ਕੋਈ ਇੱਛਾ ਜਾਂ ਪਿਆਸ ਹੋਵੇਗੀ, ਜਾਂ ਤੇਰੇ ਮਨ ਦੀ ਆਸ ਹੋਵੇਗੀ
ਏਥੋਂ-ਓਥੋਂ ਜਵਾਬ ਲੱਭ ਜਾਣੈਂ , ਤੈਨੂੰ ਤੇਰੇ ਸਵਾਲ ਦਾ  ਕੋਈ
------
ਪੈਰ ਅੱਕੇ ਅਕਾਊ ਰਾਹਵਾਂ ਤੋਂ, ਬੋਲ ਥੱਕੇ  ਵਿਕਾਊ  ਨਾਂਵਾਂ  ਤੋਂ
ਸੈਆਂ ਰੰਗਾਂ ਦੇ ਭੌਣ ਚੋਂ ਹੁਣ ਤਾਂ, ਰੰਗ ਉੱਗੇ ਕਮਾਲ ਦਾ ਕੋਈ

No comments:

Post a Comment