Sunday, 4 December 2011

ਲਿਆ ਜ਼ਰਾ ਕਾਗਜ਼..


ਲਿਆ ਜ਼ਰਾ ਕਾਗਜ਼ ਹੁਣੇ ਅਪਣੀ ਵਸੀਅਤ ਲਿਖ ਦਿਆਂ
ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖ ਦਿਆਂ ।

ਤੂੰ ਜੇ  ਮੇਰੇ  ਵਾਸਤੇ  ਮੁਸਕਾਉਣ ਦਾ ਵਾਅਦਾ  ਕਰੇਂ
ਪੇਸ਼ਗੀ ਤੈਨੂੰ ਇਹ ਨਦੀਆਂ,ਪੌਣ,ਪਰਬਤ ਲਿਖ ਦਿਆਂ।

ਸ਼ਾਮ ਤੀਕਰ ਧੁੱਪ  ਦੇ ਸੰਗ ਖੜ੍ਹ ਸਕੋਂ  ਜੇ  ਦੋਸਤੋ
ਉੱਗਦੇ ਸੂਰਜ ਦੇ ਮੱਥੇ ਤੇ ਬਗ਼ਾਵਤ ਲਿਖ  ਦਿਆਂ ।

ਉੰਜ ਤਾਂ ਮੈਂ ਤੇਰੀਆਂ ਖ਼ੁਸ਼ੀਆਂ ਦਾ ਹੀ ਪੁੱਛਣਾ ਸੀ ਹਾਲ
ਜੇ ਕਹੇਂ, ਤਾਂ ਆਪਣੇ ਜ਼ਖ਼ਮਾਂ ਦੀ ਹਾਲਤ ਲਿਖ ਦਿਆਂ ।

ਤੂੰ ਹੈਂ ਈਸਾ,ਮੈਂ ਨਹੀਂ-ਏਨਾ ਕੁ ਬਸ ਮਨਜ਼ੂਰ ਕਰ
ਆ ਤਿਰੀ ਸੂਲ਼ੀ ‘ਤੇ ਮੈਂ ਅਪਣੀ ਅਕ਼ੀਦਤ ਲਿਖ ਦਿਆਂ ।

ਸਾਰੀਆਂ ਕੰਧੋਲ਼ੀਆਂ ਦੇ ਨਾਲ ਦੁਖ-ਸੁਖ ਫੋਲ ਕੇ
ਮੇਰੇ ਵੱਸ ਹੋਵੇ ਤਾਂ ਹਰ ਚੁੱਲ੍ਹੇ ‘ਤੇ ਬਰਕਤ ਲਿਖ ਦਿਆਂ ।

ਆਪਣਾ ਪਿੰਡਾ ਬਚਾਉ,ਛੱਡ ਕੇ ਕਣੀਆਂ ਦਾ ਹੇਜ
ਜੀ ਕਰੇ ਮੈਂ ਕੱਚੀਆਂ ਕੰਧਾਂ ਨੂੰ ਇਕ ਖ਼ਤ ਲਿਖ ਦਿਆਂ

ਤੂੰ ਅਥਾਹ ਅਸਮਾਨ ਵੱਲ ਰੱਖੀਂ ਜ਼ਰਾ ਨਜ਼ਰਾਂ,ਤੇ ਮੈਂ
ਤੇਰੇ ਉੱਗਦੇ ਖੰਭ ‘ਤੇ ਉੱਡਣ ਦੀ ਚਾਹਤ ਲਿਖ ਦਿਆਂ ।

ਇਸ ਉਦਾਸੇ ਦੌਰ ਵਿੱਚ ਸਾਥੀ ਬਣਾ,’ਕੱਲਾ ਨਾ ਰਹਿ
ਆ ਤਿਰੇ ਨਾਂ ‘ਤੇ ਇਨ੍ਹਾਂ ਗ਼ਜ਼ਲਾਂ ਦੀ ਸੰਗਤ ਲਿਖ ਦਿਆਂ ।
       ~~~~~~~~~~~~