ਬੇਗਾਨੇ ਰਸਤਿਆਂ ਦੇ ਨਾਮ ਦੀ ਅਰਦਾਸ ਹੋ ਕੇ
ਘਰੋਂ ਤੁਰੀਆਂ ਨੇ ਪੈੜਾਂ ਆਪਣਾ ਚਿਹਰਾ ਲੁਕੋ ਕੇ
ਸਮੇਂ ਦੀ ਹਿੱਕ ਹੀ ਵਿਨ੍ਹ ਕੇ ਧਰੀ ਸ਼ੋਕੇਸ ਅੰਦਰ
ਉਨ੍ਹਾਂ ਰੱਖੀ ਹੈ ਤਿੱਖੀ ਸੂਲ ਵਿਚ ਤਿਤਲੀ ਪਰੋ ਕੇ
ਅਜੇ ਕਲ੍ਹ ਹੀ ਤਾਂ ਉਸਨੇ ਆਖਿਆ ਮੈਨੂੰ ਬੇਗਾਨਾ
ਤੇ ਮੈਂ ਉਸ ਜੂਹ ਦੇ ਵਿਚ ਵੜਦਾ ਹਾਂ ਅਪਣੇ ਪੈਰ ਧੋ ਕੇ
ਵਫ਼ਾ ਤੇਰੀ 'ਚ ਕਿੰਨਾ ਜੋਸ਼ ਹੈ,ਵੇਖਾਂਗੇ ਇਕ ਦਿਨ
ਚੁਫ਼ੇਰੇ ਤੇਜ਼ ਤਲਵਾਰਾਂ 'ਚ ਨੰਗੇ ਧੜ ਖਲੋ ਕੇ
ਉਡੀਕਣ ਦਾ ਕਿਸੇ ਨੂੰ ਇਹ ਵੀ ਇੱਕ ਅੰਦਾਜ਼ ਹੁੰਦੈ
ਜੇ ਪਾਈਏ ਔਂਸੀਆਂ, ਤਾਂ ਖੂਨ ਵਿਚ ਉਂਗਲੀ ਡੁਬੋ ਕੇ !!
No comments:
Post a Comment