Thursday 6 May 2010

ਇਨ੍ਹਾਂ ਪੈੜਾਂ ਦਾ ਰੇਤਾ..


ਇਨ੍ਹਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲੀ 'ਚ ਭਰ ਲਈਏ
ਚਲੋ ਏਸੇ ਬਹਾਨੇ ਵਿਸਰਿਆਂ ਨੂੰ ਯਾਦ ਕਰ ਲਈਏ

ਉਹ ਅਪਣੀ ਕਹਿਕਸ਼ਾਂ 'ਚੋਂ ਨਿੱਕਲ ਕੇ ਅੱਜ ਬਾਹਰ ਆਇਆ ਹੈ
ਚਲੋ ਉਸ ਭਟਕਦੇ ਤਾਰੇ ਦੀ ਚੱਲ ਕੇ ਕੁਝ ਖ਼ਬਰ ਲਈਏ

ਉਲੀਕੇ ਖੰਭ ਕਾਗਜ਼ 'ਤੇ, ਦੁਆਲੇ ਹਾਸ਼ੀਆ ਲਾਵੇ
ਕਿਵੇਂ ਵਾਪਸ ਨਿਆਣੀ ਤੋਂ ਉਦ੍ਹੇ ਅੰਦਰਲੇ ਡਰ ਲਈਏ

ਜਿਵੇਂ ਇੱਕ ਪੌਣ 'ਚੋਂ ਖੁਸ਼ਬੂ, ਜਿਵੇਂ ਇੱਕ ਨੀਂਦ 'ਚੋਂ ਸੁਪਨਾ
ਚਲੋ ਅੱਜ ਦੋਸਤੋ ਇੱਕ-ਦੂਸਰੇ 'ਚੋਂ ਇਉਂ ਗੁਜ਼ਰ ਲਈਏ

ਅਸੀਂ ਵੀ ਖ਼ੂਬ ਹਾਂ, ਕਿਧਰੇ ਤਾਂ ਨ੍ਹੇਰੇ ਨੂੰ ਵੀ ਜਰ ਲਈਏ
ਤੇ ਕਿਧਰੇ ਬਿਰਖ ਦੀ ਇਕ ਛਾਂ 'ਤੇ ਹੀ ਇਤਰਾਜ਼ ਕਰ ਲਈਏ !

No comments:

Post a Comment