Sunday 4 December 2011

ਲਿਆ ਜ਼ਰਾ ਕਾਗਜ਼..


ਲਿਆ ਜ਼ਰਾ ਕਾਗਜ਼ ਹੁਣੇ ਅਪਣੀ ਵਸੀਅਤ ਲਿਖ ਦਿਆਂ
ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖ ਦਿਆਂ

ਤੂੰ ਜੇ  ਮੇਰੇ  ਵਾਸਤੇ  ਮੁਸਕਾਉਣ ਦਾ ਵਾਅਦਾ  ਕਰੇਂ
ਪੇਸ਼ਗੀ ਤੈਨੂੰ ਇਹ ਨਦੀਆਂ,ਪੌਣ,ਪਰਬਤ ਲਿਖ ਦਿਆਂ

ਸ਼ਾਮ ਤੀਕਰ ਧੁੱਪ  ਦੇ ਸੰਗ ਖੜ੍ਹ ਸਕੋਂ  ਜੇ  ਦੋਸਤੋ
ਉੱਗਦੇ ਸੂਰਜ ਦੇ ਮੱਥੇ ਤੇ ਬਗ਼ਾਵਤ ਲਿਖ  ਦਿਆਂ

ਉੰਜ ਤਾਂ ਮੈਂ ਤੇਰੀਆਂ ਖ਼ੁਸ਼ੀਆਂ ਦਾ ਹੀ ਪੁੱਛਣਾ ਸੀ ਹਾਲ
ਜੇ ਕਹੇਂ, ਤਾਂ ਆਪਣੇ ਜ਼ਖ਼ਮਾਂ ਦੀ ਹਾਲਤ ਲਿਖ ਦਿਆਂ

ਤੂੰ ਹੈਂ ਈਸਾ,ਮੈਂ ਨਹੀਂ-ਏਨਾ ਕੁ ਬਸ ਮਨਜ਼ੂਰ ਕਰ
ਆ ਤਿਰੀ ਸੂਲ਼ੀ ਤੇ ਮੈਂ ਅਪਣੀ ਅਕ਼ੀਦਤ ਲਿਖ ਦਿਆਂ

ਸਾਰੀਆਂ ਕੰਧੋਲ਼ੀਆਂ ਦੇ ਨਾਲ ਦੁਖ-ਸੁਖ ਫੋਲ ਕੇ
ਮੇਰੇ ਵੱਸ ਹੋਵੇ ਤਾਂ ਹਰ ਚੁੱਲ੍ਹੇ ਤੇ ਬਰਕਤ ਲਿਖ ਦਿਆਂ

ਆਪਣਾ ਪਿੰਡਾ ਬਚਾਉ,ਛੱਡ ਕੇ ਕਣੀਆਂ ਦਾ ਹੇਜ
ਜੀ ਕਰੇ ਮੈਂ ਕੱਚੀਆਂ ਕੰਧਾਂ ਨੂੰ ਇਕ ਖ਼ਤ ਲਿਖ ਦਿਆਂ

ਤੂੰ ਅਥਾਹ ਅਸਮਾਨ ਵੱਲ ਰੱਖੀਂ ਜ਼ਰਾ ਨਜ਼ਰਾਂ,ਤੇ ਮੈਂ
ਤੇਰੇ ਉੱਗਦੇ ਖੰਭ ਤੇ ਉੱਡਣ ਦੀ ਚਾਹਤ ਲਿਖ ਦਿਆਂ

ਇਸ ਉਦਾਸੇ ਦੌਰ ਵਿੱਚ ਸਾਥੀ ਬਣਾ,’ਕੱਲਾ ਨਾ ਰਹਿ
ਆ ਤਿਰੇ ਨਾਂ ਤੇ ਇਨ੍ਹਾਂ ਗ਼ਜ਼ਲਾਂ ਦੀ ਸੰਗਤ ਲਿਖ ਦਿਆਂ
       ~~~~~~~~~~~~

Monday 3 October 2011

ਅਸਾਂ ਕੀ ਦੋਸ਼ ਦੇਣਾ..

ਅਸਾਂ ਕੀ ਦੋਸ਼ ਦੇਣਾ ਰਸਤਿਆਂ ਨੂੰ
ਸਫ਼ਰ ਸਾਡਾ ਜੇ ਇਉਂ ਬਦਨਾਮ ਹੋਵੇ
ਅਜੇ ਨਾ ਆਸ਼ਿਆਨੇ ਦੀ ਜ਼ਰੂਰਤ
ਅਜੇ ਤਾਂ ਉੱਡਦਿਆਂ ਨੂੰ ਸ਼ਾਮ ਹੋਵੇ

ਸਫ਼ਾ ਅਸਮਾਨ ਦਾ ਖੁੱਲ੍ਹਿਆ ਸੀ ਰਾਤੀਂ
ਲਿਖੇ ਚੰਨ-ਤਾਰਿਆਂ ਨੇ ਹਰਫ਼ ਸੋਹਣੇ 
ਉਣੀਂਦੇ ਜਾਪਿਆ ਮੈਨੂੰ, ਇਹ  ਸ਼ਾਇਦ
ਮੇਰੇ ਹੀ ਵਾਸਤੇ ਪੈਗ਼ਾਮ ਹੋਵੇ

ਗੁਜ਼ਰਦਿਆਂ ਪੋਹਲ੍ਹੀਆਂ-ਸੂਲਾਂ ਦੇ ਉੱਤੋਂ
ਸਫ਼ਰ ਕੁਝ ਹੋਰ ਵੀ ਆਸਾਨ ਜਾਪੇ
ਮੇਰੇ ਸਿਰ 'ਤੇ ਵੀ ਜੇ ਕਈਆਂ ਦੇ ਵਾਂਗੂੰ 
ਕੁਰਾਹੇ ਪੈਣ ਦਾ ਇਲ੍ਜ਼ਾਮ ਹੋਵੇ

ਹਰਿਕ ਅਰਪਣ ਦੀ ਨੀਹਂ ਹੈ ਆਦਮੀਅਤ
ਤੇ ਹਰ ਕਿੱਸੇ ਦੀ ਹੈ ਏਹੋ ਹਕ਼ੀਕ਼ਤ
ਉਹ ਘਰ ਤੋਂ ਜਾ ਰਿਹਾ ਹੋਵੇ ਜਾਂ ਗੌਤਮ 
ਅਯੁਧਿਆ ਛੱਡ ਰਿਹਾ ਜਾਂ ਰਾਮ ਹੋਵੇ

ਉਹ ਡੁੱਬ ਜਾਂਦਾ ਹੈ ਨੀਲੇ ਪਾਣੀਆਂ ਵਿਚ
ਸਵੇਰੇ ਜਿਉਦਿਆਂ ਹੀ ਪਰਤਦਾ ਹੈ
ਤੇ ਮੈਂ ਵੀ ਲੋਚਦਾਂ ਓਵੇਂ ਹੀ ਜੰਮਣਾ
ਤੇ ਓਹੋ ਹੀ ਮੇਰਾ  ਅੰਜਾਮ ਹੋਵੇ  |

Wednesday 7 September 2011

ਇਰਾਦਾ ਵੇਖ ਕੇ ..


ਇਰਾਦਾ ਵੇਖ ਕੇ ਟੁੱਟਣ ਤੋਂ ਡਰ ਗਿਆ ਪੱਥਰ
ਸੁਲਾਹ ਦੇ ਵਾਸਤੇ ਸ਼ੀਸ਼ੇ ਦੇ ਘਰ ਗਿਆ ਪੱਥਰ

ਮੈਂ ਤੇਰੇ ਕਦਮਾਂ 'ਚ ਓਨੇ ਹੀ ਫੁੱਲ ਰੱਖ ਚੱਲਿਆਂ
ਸਿਰ੍ਹਾਣੇ ਤੂੰ ਮੇਰੇ ਜਿੰਨੇ ਸੀ ਧਰ ਗਿਆ  ਪੱਥਰ

'ਕਰੋ ਨਾ ਫੁੱਲ ਦੀ ਚਰਚਾ', ਜਿਵੇਂ ਕਿਹਾ ਉਸਨੇ
ਸਿਰਾਂ ਦੇ ਕੋਲ ਦੀ ਏਦਾਂ ਗੁਜ਼ਰ ਗਿਆ ਪੱਥਰ

ਥਲਾਂ ਦੀ ਪਿਆਸ ਨੇ ਇਸ ਕਦਰ ਉਸਨੂੰ ਪਿਘਲਾਇਆ
ਪਲਾਂ 'ਚ ਰੇਤ ਦੀ ਛਾਤੀ 'ਤੇ ਵਰ੍ਹ ਗਿਆ ਪੱਥਰ

ਖਰੇ ਕੀ ਸੋਚਿਆ ਉਸਨੇ ਤੇ ਤੈਰਨਾ ਛੱਡ ਕੇ
ਨਿਰਾਸ਼ ਝੀਲ ਦੇ ਤਲ 'ਤੇ ਉੱਤਰ ਗਿਆ ਪੱਥਰ

ਮੈਂ ਉਸਤੋਂ ਮਹਿਕਦੀ ਰੁੱਤ ਦਾ ਹਿਸਾਬ ਮੰਗ ਬੈਠਾ
ਉਹ ਮਲਕੜੇ ਮੇਰੀ ਝੋਲੀ 'ਚ ਭਰ ਗਿਆ ਪੱਥਰ |

ਮੇਰਾ ਸਵਾਲ ਕਿ ਪੱਥਰ ਨੂੰ ਨੀਰ ਕਰ ਦੇਂਦਾ
ਤੇਰਾ ਜਵਾਬ ਕਿ ਪਾਣੀ ਨੂੰ ਕਰ ਗਿਆ ਪੱਥਰ

Monday 29 August 2011

ਮੈਂ ਦੁਆਵਾਂ 'ਚ ਰਹਿ ਨਹੀਂ ਸਕਿਆ..


ਮੈਂ ਦੁਆਵਾਂ 'ਚ ਰਹਿ ਨਹੀਂ ਸਕਿਆ
ਕਾਮਨਾਵਾਂ 'ਚ ਰਹਿ ਨਹੀਂ ਸਕਿਆ

ਰਾਖੀ ਧੁੱਪਾਂ ਦੀ ਸੀ ਮੇਰੇ ਜ਼ਿੰਮੇ
ਤਾਂ ਹੀ ਛਾਵਾਂ 'ਚ ਰਹਿ ਨਹੀਂ ਸਕਿਆ

ਤੈਥੋਂ ਰੂਹਾਂ ਪਛਾਣ ਨਾ ਹੋਈਆਂ
ਤੇ ਮੈਂ ਨਾਂਵਾਂ 'ਚ ਰਹਿ ਨਹੀਂ ਸਕਿਆ

ਬੂੰਦ ਜਿਸ 'ਤੇ ਵੀ ਪਈ ਚਾਨਣ ਦੀ
ਉਹ ਗੁਫ਼ਾਵਾਂ 'ਚ ਰਹਿ ਨਹੀਂ ਸਕਿਆ

ਕੀ ਹਨੇਰਾ ਵੀ ਤੈਨੂੰ ਸਾਂਭੇਗਾ
ਜੇ ਸ਼ੁਆਵਾਂ 'ਚ ਰਹਿ ਨਹੀਂ ਸਕਿਆ

ਮੈਂ ਸੁਗੰਧੀ ਵੀ ਬਣ ਗਿਆ ਫਿਰ ਵੀ
ਤੇਰੇ ਸਾਹਵਾਂ 'ਚ ਰਹਿ ਨਹੀਂ ਸਕਿਆ

ਸਾਡਾ ਚਰਚਾ ਵੀ ਖ਼ੂਬ ਸੀ, ਭਾਂਵੇਂ
ਇਹ ਕਥਾਵਾਂ 'ਚ ਰਹਿ ਨਹੀਂ ਸਕਿਆ !
      <<<<< >>>>>

Sunday 5 June 2011

ਮੇਰੇ ਹਿੱਸੇ 'ਚ...


ਮੇਰੇ ਹਿੱਸੇ 'ਚ ਥੋੜਾ ਪਾਣੀ ਹੈ
ਫੇਰ ਉਹੀ ਪਿਆਸ ਦੀ ਕਹਾਣੀ ਹੈ

ਹੁੰਦਾ ਪੱਥਰ ਪਿਘਲਦਾ ਦਿਖ ਜਾਂਦਾ
ਉਹ ਤਾਂ ਪਹਿਲਾਂ ਹੀ ਸਾਰਾ ਪਾਣੀ ਹੈ

ਮੈਂ ਵੀ ਜਾਂਦਾ ਹਾਂ,ਉਹ ਵੀ ਆਉਂਦੇ ਨੇ
ਮੇਰੀ ਦੁੱਖਾਂ ਦੀ ਆਉਣੀ-ਜਾਣੀ ਹੈ

ਥੋੜੇ ਅਹਿਸਾਨ ਕਰ ਕੇ ਤੇਰੇ 'ਤੇ
ਮੈਂ ਤਾਂ ਅਪਣੀ ਹੀ ਰਾਖ਼ ਛਾਣੀ ਹੈ

ਕਿੰਜ ਪਹਿਨਣਗੇ ਚਾਅ ਨਵੇਂ ਤੇਰੇ
ਮੇਰੀ ਇਹ ਪੀੜ ਕੁਝ ਪੁਰਾਣੀ ਹੈ |

Thursday 31 March 2011

ਅਜੇ ਪੈਰੀਂ ਸਫ਼ਰ..


ਅਜੇ ਪੈਰੀਂ ਸਫ਼ਰ ਬੱਝਾ ਰਹਿਣ ਦੇ
ਨਾ ਇਸ ਝਾਂਜਰ ਨੂੰ ਕਰ ਤੂੰ ਦੂਰ ਹਾਲੇ
ਅਜੇ ਨੱਚਣ ਲਈ ਵਿਹੜਾ ਸਲਾਮਤ
ਨਾ ਹੋਏ ਪੈਰ ਥੱਕ ਕੇ ਚੂਰ ਹਾਲੇ

ਪਰਿੰਦੇ ਸਾਂਭ ਕੇ ਰਖਦੇ ਉਦਾਸੀ
ਸਭ ਆਪੋ-ਆਪਣੇ ਪਿੰਜਰੇ ਦੇ ਵਾਸੀ
ਇਨ੍ਹਾਂ ਦੇ ਬੋਲ ਵੀ ਚੀਰਨਗੇ 'ਵਾਵਾਂ
ਪਿਆ ਨਾ ਅੰਬੀਆਂ ਨੂੰ ਬੂਰ ਹਾਲੇ

ਕਦੇ ਲੱਗਦੈ ਹਨੇਰਾ ਹੋ ਗਿਆ ਹੈ
ਕਦੇ ਲੱਗਦੈ ਸਵੇਰਾ ਹੋ ਗਿਆ ਹੈ
ਇਹ ਕੈਸਾ ਹਾਲ ਮੇਰਾ ਹੋ ਗਿਆ ਹੈ
ਜਾਂ ਮੇਰੀ ਅੱਖ ਹੈ ਬੇਨੂਰ ਹਾਲੇ

ਚਿਰਾਂ ਤੋਂ ਦਿਲ ਨੇ ਸੀ ਸੁਪਨਾ ਸਜਾਇਆ
ਮਸਾਂ ਅੱਜ ਬਹਿ ਕੇ ਮੈਂ ਇਸ ਨੂੰ ਵਰਾਇਆ
ਸਮਾਂ ਆਇਆ ਸਮੁੰਦਰ ਵੀ ਬਣਾਂਗੇ
ਤੂੰ ਆਪਣੀ ਪਿਆਸ ਦਾ ਪੱਖ ਪੂਰ ਹਾਲੇ

ਜੇ ਉਸਦੀ ਯਾਦ ਹੁਣ ਆਉਂਦੀ ਤਾਂ ਆਵੇ
ਜੇ ਭੋਰਾ ਜਿੰਦ ਨੂੰ ਖਾਂਦੀ ਤਾਂ ਖਾਵੇ
ਅਜੇ ਨਹੀਂ  ਏਸ ਦੀ ਕਰਨੀ ਮੈਂ ਦਾਰੂ
ਇਹ ਫੱਟ ਬਣਿਆ ਨਹੀਂ ਨਾਸੂਰ ਹਾਲੇ

ਸਮੇ ਦੀ ਤੋਰ ਦੀ ਸੁਣਦੇ ਕਹਾਣੀ
ਕਿ ਲੋਕੀਂ ਹੋ ਗਏ ਸਮਿਆਂ ਦੇ ਹਾਣੀ
ਅਸੀਂ ਪਰ ਪੁੱਛਣਾ ਰਾਹੀਆਂ ਨੂੰ ਪਾਣੀ
ਨਹੀਂ ਇਹ ਬਦਲਣਾ ਦਸਤੂਰ ਹਾਲੇ