Sunday 8 August 2010

ਕਿੰਨੇ ਹਤਾਸ਼ ਹੋਣਗੇ ਓੁਹ ਮੇਰੇ ਹਾਲ 'ਤੇ
ਆਪੇ ਮੈਂ ਫੇਰ ਹੱਸਿਆ ਅਪਣੇ ਖ਼ਿਆਲ 'ਤੇ

ਅੱਧਮੋਈ ਹੋ ਕੇ ਰਹਿ ਗਈ ਹੱਥਾਂ ਦੀ ਛੋਹ ਬਿਨਾ
ਪਾਈ ਸੀ ਚਾਵਾਂ ਨਾਲ਼ ਜੋ ਘੁੱਗੀ ਰੁਮਾਲ 'ਤੇ

ਜਦ ਮੇਰੇ ਜ਼ਿਹਨ ਵਿੱਚ ਵੀ ਸਾਜ਼ਿਸ਼ ਦੀ ਰੇਤ ਸੀ
ਮੈਨੂੰ ਵੀ ਸ਼ੱਕ ਸੀ ਉਦੋਂ ਪਾਣੀ ਦੀ ਚਾਲ 'ਤੇ

ਉਸ 'ਕੱਲੇ-ਕਾਰੇ ਸ਼ਖ਼ਸ ਦਾ ਮਰਨਾ ਸੀ ਤੈਅਸ਼ੁਦਾ
ਕਿੰਨੇ ਕੁ ਵਾਰ ਰੋਕਦਾ ਹੱਥਾਂ ਦੀ ਢਾਲ਼ 'ਤੇ

ਨ੍ਹੇਰੇ ਦਾ ਨਾਂ ਲਿਆ ਹੀ ਸੀ ਤਾਰੇ ਚਮਕ ਪਏ
ਲੱਖਾਂ ਜਵਾਬ ਆ ਗਏ ਇੱਕੋ ‌‌ਸਵਾਲ 'ਤੇ
            ~~~~~~~~~~~