Friday 14 April 2017

ਕੀ ਪਤਾ..


ਮੁਸਕੁਰਾਹਟ ਪਹਿਨ ਲਈਏ, ਰਾਹਤਾਂ ਦਾ ਕੀ ਪਤਾ
ਹੋਰ ਹੁਣ ਕਿੰਨਾ ਰੁਆਵਣ ਹਾਸਿਆਂ ਦਾ ਕੀ ਪਤਾ

ਘਰ 'ਚ ਕਿੱਥੇ ਹੋਣ ਲੱਗਣ ਸਾਜ਼ਿਸ਼ਾਂ ਦਾ ਕੀ ਪਤਾ
ਸਾਜ਼ਿਸ਼ਾਂ ਵਿਚ ਹੋਣ ਸ਼ਾਮਿਲ, ਪਰਦਿਆਂ ਦਾ ਕੀ ਪਤਾ

ਦੋਸਤਾਂ ਦਾ ਕੀ ਪਤਾ ਤੇ ਦੁਸ਼ਮਣਾਂ ਦਾ ਕੀ ਪਤਾ
ਵਾਅਦਿਆਂ ਦਾ ਕੀ ਪਤਾ ਤੇ ਦਾਅਵਿਆਂ ਦਾ ਕੀ ਪਤਾ

ਹੀਰਿਆਂ ਦੇ ਭੇਸ ਅੰਦਰ ਬੰਟਿਆਂ ਦਾ ਕੀ ਪਤਾ
ਲੁੱਟ ਕੇ ਲੈ ਜਾਣ ਨਾ ਸੌਦਾਗਰਾਂ ਦਾ ਕੀ ਪਤਾ

ਓਪਰਾ ਕਹਿ ਦੇਣ ਕਦ, ਅੱਜਕਲ ਘਰਾਂ ਦਾ ਕੀ ਪਤਾ
ਮੁੜਦਿਆਂ ਖੁੱਲ੍ਹਣ ਕਿ ਨਾ ਦਰਵਾਜ਼ਿਆਂ ਦਾ ਕਿ ਪਤਾ

ਜ਼ਿਹਨ 'ਚੋਂ ਗੁੰਮ ਜਾਣ ਨਾ ਸਿਰਨਾਵਿਆਂ ਦਾ ਕੀ ਪਤਾ
ਕਿਸ ਦਿਸ਼ਾ ਨੂੰ ਜਾਣ ਲੈ ਕੇ, ਰਸਤਿਆਂ ਦਾ ਕੀ ਪਤਾ |

Wednesday 25 February 2015

ਹਰੇਕ ਪਲ ਨੂੰ ...

ਹਰੇਕ ਪਲ ਨੂੰ ਮੈਂ ਗਿਣ ਰਿਹਾ ਹਾਂ
ਉਡੀਕ ਤੇਰੀ ਹਿਸਾਬ  ਮੇਰਾ
ਨਵਾਜ਼ ਮੈਨੂੰ ਤੂੰ ਆ ਕੇ ਜਲਦੀ
ਹੈ ਤੇਰੀ ਆਮਦ ਖ਼ਿਤਾਬ ਮੇਰਾ |

ਨਾ ਦਿਨ ਚੜ੍ਹੇ ਦੀ ਨਾ ਦਿਨ ਲਹੇ ਦੀ
ਨਾ ਕੁਝ ਸੁਣੇ ਦੀ ਨਾ ਕੁਝ ਕਹੇ ਦੀ
ਹਮੇਸ਼ ਰਹਿੰਦੇ ਨੇ ਹੋ ਕੇ ਇਕ-ਮਿੱਕ
ਖ਼ਿਆਲ ਤੇਰਾ ਤੇ ਖ਼ਾਬ ਮੇਰਾ |

ਸਜੀਵ ਯਾਦਾਂ , ਸਜੀਵ ਕਿੱਸੇ
ਜੋ ਆਏ ਅਕਸਰ ਹੀ ਸਾਡੇ ਹਿੱਸੇ
ਅਸੀਮ ਚੇਤੇ 'ਚ ਹੁਣ ਵੀ ਮਹਿਕਣ
ਕਿਤਾਬ ਤੇਰੀ ਗੁਲਾਬ ਮੇਰਾ |

ਜੇ ਤੇਰਾ ਸ਼ੰਕਾ ਹੈ ਬੇਵਫ਼ਾਈ
ਤਾਂ ਮੇਰਾ ਡੰਕਾ ਇਮਾਨਦਾਰੀ
ਜੇ ਫੇਰ ਵੀ ਤੂੰ ਨਿਚੋੜ ਚਾਹੇਂ
ਸਵਾਲ ਤੇਰਾ ਜਵਾਬ ਮੇਰਾ |

ਆ ਇੱਕੋ ਪਿੰਡੇ 'ਤੇ ਝੱਲ ਲਈਏ
ਜੋ ਪੀੜ ਤੇਰੀ ਸੋ ਪੀੜ ਮੇਰੀ
ਆ ਇੱਕੋ ਨੇਤਰ 'ਚੋਂ ਦੇਖ ਲਈਏ
ਜੋ ਖ਼ਾਬ ਤੇਰਾ ਸੋ ਖ਼ਾਬ ਮੇਰਾ |

ਵਜੂਦ ਅਪਣੇ ਨੂੰ ਵੰਡਣੇ ਲਈ
ਨਾ ਤੂੰ ਸੀ ਰਾਜ਼ੀ ਨਾ ਮੈਂ ਸੀ ਰਾਜ਼ੀ
ਨਾ ਤੂੰ ਕਿਹਾ ਸੀ ਨਾ ਮੈਂ ਕਿਹਾ ਸੀ-
ਬਿਆਸ ਤੇਰਾ ਚਨਾਬ ਮੇਰਾ !

Friday 16 August 2013

ਤੇਜ਼ ਧੁੱਪ ਵਿੱਚ ਮੇਰੀ ਛਾਂ ਨੇ ...

ਤੇਜ਼ ਧੁੱਪ ਵਿੱਚ ਮੇਰੀ ਛਾਂ ਨੇ ਮੈਨੂੰ ਕਿਹਾ
ਇਸ ਸਫ਼ਰ 'ਤੇ ਤੁਰੇ ਹੋਰ ਕਿੰਨੇ ਜਣੇ
ਸਾਰੇ ਰਾਹੀ ਗਿਣੇ, ਫੇਰ ਮੈਂ ਆਖਿਆ
ਏਥੇ ਦੋ ਹੀ ਨੇ ਤੇਰੇ ਤੇ ਮੇਰੇ ਸਣੇ

ਸੱਥ, ਪਰ੍ਹਿਆ, ਕਚਹਿਰੀ ਦੇ ਵਿਹੜੇ ਕਿਤੇ
ਜਦ ਗੁਨਾਹਾਂ ਦੇ ਹੋਏ ਨਬੇੜੇ ਕਿਤੇ
ਮੇਰੀ ਕਵਿਤਾ ਖੜ੍ਹੇਗੀ ਮੇਰੇ ਸਾਹਮਣੇ
ਸਭ ਸਬੂਤਾਂ ਸਣੇ-ਸਭ ਗਵਾਹਾਂ ਸਣੇ

ਰਾਤ ਸੁਪਨੇ 'ਚ ਜੁਗਨੂੰ ਤੇ ਤਾਰੇ ਕਈ
ਚੁੱਕੀ ਫਿਰਦਾ ਸਾਂ ਕਿਧਰੇ ਲੁਕਾਵਣ ਲਈ
ਇਹ ਨਾ ਹੋਇਆ ਤਾਂ ਆਖ਼ਿਰ ਨੂੰ ਥੱਕ-ਹਾਰ ਕੇ
ਅਪਣੇ ਸੀਨੇ 'ਚ ਸਾਰੇ ਪਏ ਸਾਂਭਣੇ

ਤੇਰੇ ਅੱਗੇ ਹੈ  ਗ਼ਰਜ਼ਾਂ ਦੀ ਵਗਦੀ ਨਦੀ
ਤੈਨੂੰ ਪਿੱਛੇ ਰਿਹਾਂ ਦੀ ਹੈ ਚਿੰਤਾ ਵੀ ਕੀ
ਸਾਡੇ ਥਲ ਨੂੰ ਨਮੀ ਮਿਲ ਗਈ ਸਹਿਜ ਹੀ
ਐਵੇਂ ਚੂਲ਼ੀ  ਕੁ ਅੱਥਰੂ ਪਏ ਡੋਲ੍ਹਣੇ 

ਉਹ ਜੋ ਜੋਬਨ ਦੀ ਰੁੱਤੇ ਘਰਾਂ ਤੋਂ ਗਏ
ਨਾ ਘਰਾਂ ਨੂੰ ਮੁੜੇ ਨਾ ਸਿਵੇ ਤੱਕ ਗਏ
ਰਾਤ ਕਾਲ਼ੀ ਜਿਨ੍ਹਾਂ ਨੂੰ ਨਿਗਲ ਹੀ ਗਈ
ਉਹ ਨਾ ਫੁੱਲ ਬਣ ਸਕੇ, ਤੇ ਨਾ ਤਾਰੇ ਬਣੇ

                   ,,,,,,,.....,,,,

Wednesday 17 April 2013

ਏਸ ਨਗਰ ਦੇ...

ਏਸ ਨਗਰ ਦੇ ਲੋਕ ਹਮੇਸ਼ਾ ਸੋਚਾਂ ਵਿਚ  ਗ਼ਲਤਾਨ ਰਹੇ
ਨਜ਼ਰਾਂ ਦੇ ਵਿਚ ਬਾਗ਼-ਬਗ਼ੀਚੇ, ਖ਼ਾਬਾਂ ਵਿਚ ਸ਼ਮਸ਼ਾਨ ਰਹੇ

ਡਿੱਗਦਾ ਹੋਇਆ ਹੰਝੂ ਮੇਰੇ ਨਾਂ ਉਸ ਤਾਂ ਹੀ ਕਰ ਦਿੱਤਾ
ਅਪਣਾ ਦੁਖੜਾ ਰੋ ਹੋ ਜਾਵੇ, ਮੇਰੇ 'ਤੇ ਅਹਿਸਾਨ ਰਹੇ

ਰਾਹਾਂ ਦੇ ਵਿੱਚ ਰੋੜ ਨੁਕੀਲੇ, ਜਾਂ ਫਿਰ ਤਪਦੀ ਰੇਤ ਸਹੀ
ਤੁਰਨਾ ਹੈ, ਜਦ ਤੱਕ ਪੈਰਾਂ ਵਿਚ ਥੋੜੀ- ਬਹੁਤੀ ਜਾਨ ਰਹੇ

ਭਾਵੁਕਤਾ ਦੀ ਧੁੱਪ-ਛਾਂ ਦੇਵੀਂ, ਤੇ ਨੈਣਾਂ ਦਾ ਪਾਣੀ ਵੀ
ਤਾਂ ਜੋ ਸਧਰਾਂ ਦੇ ਬੂਟੇ ਦਾ ਪੁੰਗਰਨਾ ਆਸਾਨ ਰਹੇ

ਚਾਰੇ ਪਾਸੇ ਖ਼ੂਨ ਦੇ ਛੱਪੜ, ਫਿਰ ਵੀ ਦਿਖਦੇ ਸ਼ਾਂਤ ਬੜੇ
ਪੱਥਰ ਦੇ ਭਗਵਾਨ ਤਾਂ ਆਖ਼ਿਰ ਪੱਥਰ ਦੇ ਭਗਵਾਨ ਰਹੇ

Tuesday 11 September 2012

ਤੇਰੇ ਪਿਆਸਿਆਂ ਦੀ.....


ਤੇਰੇ ਪਿਆਸਿਆਂ ਦੀ, ਏਨੀ ਵੀ ਕੀ ਖ਼ਤਾ ਹੈ
ਹੱਥ ਵਿੱਚ ਕਟੋਰਾ ਪਾਣੀ, ਨਾ ਪੀਣ ਦੀ ਸਜ਼ਾ ਹੈ |

ਕਿੰਨੇ ਹੀ ਚਿਰ ਤੋਂ ਉਸਨੂੰ, ਕਿਧਰੇ ਨਾ ਵੇਖਿਆ ਹੈ
ਜਾਂ ਮਰ ਗਿਆ ਹੈ ਜਾਂ ਫਿਰ, ਸੰਤੁਸ਼ਟ ਹੋ ਗਿਆ ਹੈ |

ਲੇਟੇ ਨੇ ਮੀਟ ਅੱਖਾਂ, ਨੀਂਦਾਂ ਦਾ ਨਾਮ ਹੈ ਬੱਸ
ਖ਼ਾਬਾਂ ਦੀ ਥਾਂ ਇਨ੍ਹਾਂ ਨੂੰ, ਫ਼ਿਕਰਾਂ ਨੇ ਘੇਰਿਆ ਹੈ

ਹੁੰਦੀ ਹੈ ਨਿੱਤ ਖ਼ਿਆਨਤ, ਪਰਦੇ ਨੇ ਪਾਰਦਰਸ਼ੀ
ਕੀ ਭੇਤ ਸਾਂਭਣਾ ਸੀ, ਬੱਸ ਭਰਮ ਸਾਂਭਿਆ ਹੈ

ਰੂਹਾਂ ਤੇ ਜਿਸਮ ਜਦ ਵੀ, ਹੁੰਦੇ ਨੇ ਵੱਖ ਯਾਰੋ
ਮਛਲੀ ਵੀ ਤੜਫ਼ਦੀ ਹੈ, ਪਾਣੀ ਵੀ ਤੜਫਦਾ ਹੈ |

            >>>>>>>>>

Tuesday 12 June 2012

ਤੁਰਨ ਦਾ ਹੌਸਲਾ...


ਤੁਰਨ ਦਾ ਹੌਸਲਾ ਤਾਂ ਪੱਥਰਾਂ 'ਤੇ ਪੈਰ ਧਰਦਾ ਹੈ
ਬਦਨ ਸ਼ੀਸ਼ੇ ਦਾ ਪਰ ਹਾਲੇ ਤਿੜਕ ਜਾਵਣ ਤੋਂ ਡਰਦਾ ਹੈ

ਕਿਤੇ ਕੁਝ ਧੜਕਦਾ ਹੈ ਜ਼ਿੰਦਗੀ ਦੀ ਤਾਲ 'ਤੇ ਹੁਣ ਵੀ
ਕਿਤੇ ਕੁਝ ਔੜ ਦੇ ਸੀਨੇ ਦੇ ਉੱਤੇ ਸ਼ਾਂਤ ਵਰ੍ਹਦਾ ਹੈ

ਅਜੇ ਤਾਈਂ ਵੀ ਮੇਰੇ ਰਾਮ ਦਾ ਬਨਵਾਸ ਨਾ ਮੁੱਕਿਆ
ਮੇਰੇ ਅੰਦਰਲਾ ਰਾਵਣ ਰੋਜ਼ ਹੀ ਸੜਦਾ ਤੇ ਮਰਦਾ ਹੈ

ਅਚਾਨਕ ਹੀ ਸੁਲਗ ਉੱਠਣ ਮੇਰੇ ਪੈਰਾਂ ਦੀਆਂ ਤਲੀਆਂ
ਮੇਰੇ ਸੁਪਨੇ 'ਚ ਨਿੱਤ ਕੋਈ ਥਲਾਂ ਨੂੰ ਪਾਰ ਕਰਦਾ ਹੈ

ਕਿਸੇ ਵੀ ਘਰ ਦੀਆਂ ਨੀਂਹਾਂ 'ਚ ਉਹ ਤਾਂਹੀਂਓਂ ਨਹੀਂ ਲਗਦਾ
ਉਹ ਪੱਥਰ ਆਪਣੇ ਹੀ ਸੇਕ ਸੰਗ ਪਿਘਲਣ ਤੋਂ ਡਰਦਾ ਹੈ

ਜਦੋਂ ਵੀ ਤੁਰਦਿਆਂ ਅਕਸਰ ਮੈਂ ਠੋਕਰ ਖਾ ਕੇ ਡਿੱਗਦਾ ਹਾਂ
ਮੇਰਾ ਆਪਾ ਮੇਰੀ ਨੀਅਤ ਦੇ ਸਿਰ ਇਲਜ਼ਾਮ ਧਰਦਾ ਹੈ

ਅਜੇ ਤੱਕ ਵੀ ਇਹਨਾਂ ਦੀ ਹੋਂਦ ਤੇ ਔਕਾਤ ਹੈ ਵੱਖਰੀ
ਅਜੇ ਚਾਨਣ ਤੇ ਨ੍ਹੇਰੇ ਵਿਚ ਕੋਈ ਬਾਰੀਕ ਪਰਦਾ ਹੈ

              <<<<<<<<

Wednesday 18 April 2012

ਤੇਰੇ ਸ਼ੀਸ਼ੇ ਨੂੰ ..


ਤੇਰੇ ਸ਼ੀਸ਼ੇ ਨੂੰ ਪੱਥਰ ਆਖਣਾ ਸੀ
ਮੈਂ ਤੇਰਾ ਜ਼ਬਤ ਹੀ ਬੱਸ ਪਰਖਣਾ ਸੀ

ਅਜੇ ਆਪੇ 'ਚੋਂ ਹੋ ਕੇ ਲੰਘਣਾ ਸੀ
ਅਜੇ ਮੈਂ ਆਪ ਜੀਅ ਕੇ ਵੇਖਣਾ ਸੀ

ਬਚਾ ਲੈਂਦਾ ਮੈਂ ਖ਼ੁਦ ਨੂੰ ਡੁੱਬਣੇ ਤੋਂ
ਅਜੇ ਲਹਿਰਾਂ ਨੇ ਕੁਝ ਪਲ ਅਟਕਣਾ ਸੀ

ਉਹ ਬਣ ਕੇ ਰਹਿ ਗਏ ਬਿੰਦੂ, ਜਿਨ੍ਹਾਂ ਨੇ
ਅਥਾਹ ਅਸਮਾਨ ਤੀਕਰ ਫੈਲਣਾ ਸੀ

ਜੇ ਨਾ ਆਉਂਦਾ ਤੂੰ ਏਨੀ ਤਾਂਘ ਕਰਕੇ
ਮੈਂ ਪਲ-ਪਲ ਕਰ ਕੇ ਇੰਜ ਹੀ ਬੀਤਣਾ ਸੀ

          >>>>>>>>>