Friday 22 October 2010

ਇਹ ਲੋਕ ਵਕਤ ਦਾ..

ਇਹ ਲੋਕ ਵਕਤ ਦਾ ਚਿਹਰਾ ਜੇ ਪੜ੍ਹ ਗਏ ਹੁੰਦੇ 
ਉੱਤਰ ਕੇ ਅਰਸ਼ ਤੋਂ ਸੂਲੀ 'ਤੇ ਚੜ੍ਹ ਗਏ ਹੁੰਦੇ

ਉਨ੍ਹਾਂ ਜੋ ਸੋਚਿਆ, ਉਹ ਹੀ ਜੇ ਹੋ ਗਿਆ ਹੁੰਦਾ
ਘਰਾਂ ਦੇ ਰੁੱਖ  ਵੀ ਮੋੜਾਂ 'ਤੇ ਖੜ੍ਹ ਗਏ ਹੁੰਦੇ

ਤੁਸਾਂ ਵਹਾਏ ਜੋ, ਹੁੰਦੇ ਜੇ ਅੱਥਰੂ ਸਚਮੁਚ
ਤੁਹਾਡੇ ਰੰਜ ਵੀ ਇਹਨਾਂ 'ਚ ਹੜ੍ਹ ਗਏ ਹੁੰਦੇ

ਮੇਰਾ ਸ਼ੁਮਾਰ ਵੀ ਰੁੱਖਾਂ 'ਚ ਹੁੰਦਾ, ਜੇ ਮੇਰੇ
ਜ਼ਰਾ ਕੁ ਪੌਣ 'ਚ ਪੱਤੇ ਨਾ ਝੜ ਗਏ ਹੁੰਦੇ


ਅਸਾਡੇ ਵਸਲ 'ਚ ਹਿਜਰਾਂ ਦੀ ਮਹਿਕ ਸੀ,ਵਰਨਾ
ਅਸੀਂ ਤਾਂ ਮਿਲਣ ਤੋਂ ਪਹਿਲਾਂ ਵਿੱਛੜ ਗਏ ਹੁੰਦੇ

Saturday 2 October 2010

ਹਰੇਕ ਪਲ ਨੂੰ...

ਹਰੇਕ ਪਲ ਨੂੰ ਮੈਂ ਗਿਣ ਰਿਹਾ ਹਾਂ
ਉਡੀਕ ਤੇਰੀ ਹਿਸਾਬ ਮੇਰਾ
ਨਵਾਜ਼ ਮੈਨੂੰ ਤੂੰ ਆ ਕੇ ਜਲਦੀ
ਹੈ ਤੇਰੀ ਆਮਦ ਖ਼ਿਤਾਬ ਮੇਰਾ

ਨਾ ਦਿਨ ਚੜ੍ਹੇ ਦੀ ਨਾ ਦਿਨ ਲਹੇ ਦੀ
ਨਾ ਕੁਝ ਸੁਣੇ ਦੀ ਨਾ ਕੁਝ ਕਹੇ ਦੀ
ਹਮੇਸ਼ ਰਹਿੰਦੇ ਨੇ ਹੋ ਕੇ ਇੱਕ-ਮਿਕ
ਖਿਆਲ ਤੇਰਾ ਤੇ ਖ਼ਾਬ ਮੇਰਾ

ਸਜੀਵ ਯਾਦਾਂ ਸਜੀਵ ਕਿੱਸੇ
ਜੋ ਆਏ ਅਕਸਰ ਹੀ ਸਾਡੇ ਹਿੱਸੇ
ਅਸੀਮ ਚੇਤੇ 'ਚ ਹੁਣ ਵੀ ਮਹਿਕਣ
ਕਿਤਾਬ ਤੇਰੀ ਗੁਲਾਬ ਮੇਰਾ

ਜੇ ਤੇਰਾ ਸ਼ੰਕਾ ਹੈ ਬੇਵਫ਼ਾਈ
ਤਾਂ ਮੇਰਾ ਡੰਕਾ ਇਮਾਨਦਾਰੀ
ਜੇ ਫੇਰ ਵੀ ਤੂੰ ਨਿਚੋੜ ਚਾਹੇਂ
ਸਵਾਲ ਤੇਰਾ ਜਵਾਬ ਮੇਰਾ

ਆ ਇੱਕੋ ਪਿੰਡੇ 'ਤੇ ਝੱਲ ਲਈਏ
ਜੋ ਪੀੜ ਤੇਰੀ ਸੋ ਪੀੜ ਮੇਰੀ
ਆ ਇੱਕੋ ਨੇਤਰ 'ਚੋਂ ਦੇਖ ਲਈਏ
ਜੋ ਖ਼ਾਬ ਤੇਰਾ ਸੋ ਖ਼ਾਬ ਮੇਰਾ

ਵਜੂਦ ਅਪਣੇ ਨੂੰ ਵੰਡਣੇ ਲਈ
ਨਾ ਤੂੰ ਸੀ ਰਾਜ਼ੀ ਨਾ ਮੈਂ ਸੀ ਰਾਜ਼ੀ
ਨਾ ਤੂੰ ਕਿਹਾ ਸੀ ਨਾ ਮੈਂ ਕਿਹਾ ਸੀ
ਬਿਆਸ ਤੇਰਾ ਚਨਾਬ ਮੇਰਾ
        ~~~~~~~~~~