Sunday 27 June 2010

ਤੇਰੇ ਸ਼ੀਸ਼ੇ ਨੂੰ ..



ਤੇਰੇ ਸ਼ੀਸ਼ੇ ਨੂੰ ਪੱਥਰ ਆਖਣਾ ਸੀ
ਮੈਂ ਤੇਰਾ ਜ਼ਬਤ ਹੀ ਬੱਸ ਪਰਖਣਾ ਸੀ

ਅਜੇ ਆਪੇ 'ਚੋਂ ਹੋ ਕੇ ਲੰਘਣਾ ਸੀ
ਅਜੇ ਮੈਂ ਆਪ ਜੀ ਕੇ ਵੇਖਣਾ ਸੀ

ਬਚਾ ਲੈਂਦਾ ਮੈਂ .ਖੁਦ ਨੂੰ ਡੁੱਬਣੇ ਤੋਂ
ਅਜੇ ਲਹਿਰਾਂ ਨੇ ਕੁਝ ਪਲ ਅਟਕਣਾ ਸੀ

ਤੇਰੇ ਤੱਕ ਇੰਜ ਹੀ ਮੈਂ ਪਹੁੰਚ ਜਾਂਦਾ
ਮੈਂ ਆਪੇ ਨੂੰ ਖਲਾਅ ਵਿੱਚ ਘੋਲਣਾ ਸੀ

ਉਹ ਬਣ ਕੇ ਰਹਿ ਗਏ ਬਿੰਦੂ, ਜਿਹਨਾਂ ਨੇ
ਅਥਾਹ ਅਸਮਾਨ ਤੀਕਰ ਫੈਲਣਾ ਸੀ

ਜੇ ਨਾ ਆਉਂਦਾ ਤੂੰ ਏਨੀ ਤਾਂਘ ਕਰਕੇ
ਮੈਂ ਪਲ-ਪਲ ਕਰਕੇ ਇੰਜ ਹੀ ਬੀਤਣਾ ਸੀ

ਦਿਸ਼ਾ ਮੇਰੀ ਸਮੁੰਦਰ ਵੱਲ ਕਿਉਂ ਹੋਈ
ਅਜੇ ਮੈਂ ਸੜਦਿਆਂ 'ਤੇ ਬਰਸਣਾ ਸੀ ।

Wednesday 16 June 2010

ਹਰਿਕ ਮੈਲੀ ਨਜ਼ਰ ਦੇ ਨਾਲ਼..



ਹਰਿਕ ਮੈਲੀ ਨਜ਼ਰ ਦੇ ਨਾਲ਼ ਕੁਝ-ਕੁਝ ਤਿੜਕਦਾ ਸ਼ੀਸ਼ਾ
ਤੇ ਮੈਲ਼ੇ ਅਕਸ ਨੂੰ ਸੀਨੇ 'ਚ ਲਹਿਣੋਂ ਰੋਕਦਾ ਸ਼ੀਸ਼ਾ 

ਕਿਸੇ ਦੇ ਸਾਹਮਣੇ ਆ ਜਾਣ ਤੇ ਹੈ ਧੜਕਦਾ ਸ਼ੀਸ਼ਾ
ਖ਼ੁਦ ਅਪਣੇ ਅਕਸ ਨੂੰ ਹੋਰਾਂ ਦੇ ਅੰਦਰ ਵੇਖਦਾ ਸ਼ੀਸ਼ਾ

ਮੇਰੀ ਰੂਹ ਦੇ ਜਦੋਂ ਸਭ ਦਾਗ਼ ਉਸ ਪਰਤੱਖ ਕਰ ਦਿੱਤੇ
ਮੈਂ ਅੱਖਾਂ ਮੀਚ ਕੇ ਰੋਇਆ ਕਿ ਪਾਗਲ ਹੋ ਗਿਆ ਸ਼ੀਸ਼ਾ

ਕਿਸੇ ਚਿਹਰੇ 'ਤੇ ਚਿੰਤਾ ਹੈ, ਕਿਸੇ 'ਤੇ ਖੌਫ਼ ਦਾ ਸਾਇਆ 
ਅਨੇਕਾਂ ਹਾਦਸੇ ਨਿੱਤ ਅਪਣੇ ਅੰਦਰ ਸਾਂਭਦਾ ਸ਼ੀਸ਼ਾ

ਅਨੇਕਾਂ ਹਾਦਸੇ ਟੰਗੇ ਨੇ ਉਸਦੇ ਨਾਲ ਕੰਧ ਉੱਤੇ
ਹਰਿੱਕ ਚਿਹਰੇ ਨੂੰ ਚੁੱਪ-ਚੁੱਪ ਘੂਰਦਾ ਪੱਥਰ ਜਿਹਾ ਸ਼ੀਸ਼ਾ

ਕਿਸੇ ਨੂੰ ਨੀਝ ਲਾਏ ਤੋਂ ਵੀ ਉਸਦਾ ਅਕਸ ਨਾ ਦਿਸਿਆ 
ਤਾਂ ਉਸਨੇ ਸੋਚਿਆ ਇਹੀ ਕਿ ਸ਼ਾਇਦ ਮਰ ਗਿਆ ਸ਼ੀਸ਼ਾ

ਨਾ ਇਉਂ ਸਾਕਾਰ ਕਰ ਸੈਆਂ ਕੁ ਟੁਕੜੇ ਮੇਰੇ ਅੰਦਰ ਦੇ
ਮੇਰੇ ਸਾਂਹਵੇ ਨਾ ਆ ਹੱਥਾਂ 'ਚ ਲੈ ਕੇ ਤਿੜਕਿਆ ਸ਼ੀਸ਼ਾ  .

Saturday 12 June 2010

ਏਸ ਨਗਰ ਦੇ ਲੋਕ..


ਏਸ ਨਗਰ ਦੇ ਲੋਕ ਹਮੇਸ਼ਾ ਸੋਚਾਂ ਵਿਚ  ਗ਼ਲਤਾਨ ਰਹੇ
ਨਜ਼ਰਾਂ ਦੇ ਵਿਚ ਬਾਗ਼-ਬਗ਼ੀਚੇ, ਖ਼ਾਬਾਂ ਵਿਚ ਸ਼ਮਸ਼ਾਨ ਰਹੇ

ਡਿੱਗਦਾ ਹੋਇਆ ਹੰਝੂ ਮੇਰੇ ਨਾਂ ਉਸ ਤਾਂ ਹੀ ਕਰ ਦਿੱਤਾ
ਅਪਣਾ ਦੁਖੜਾ ਰੋ ਹੋ ਜਾਵੇ, ਮੇਰੇ 'ਤੇ ਅਹਿਸਾਨ ਰਹੇ

ਰਾਹਾਂ ਦੇ ਵਿੱਚ ਰੋੜ ਨੁਕੀਲੇ, ਜਾਂ ਫਿਰ ਤਪਦੀ ਰੇਤ ਸਹੀ
ਤੁਰਨਾ ਹੈ, ਜਦ ਤੱਕ ਪੈਰਾਂ ਵਿਚ ਥੋੜੀ- ਬਹੁਤੀ ਜਾਨ ਰਹੇ

ਭਾਵੁਕਤਾ ਦੀ ਧੁੱਪ-ਛਾਂ ਦੇਵੀਂ, ਤੇ ਨੈਣਾਂ ਦਾ ਪਾਣੀ ਵੀ
ਤਾਂ ਜੋ ਸਧਰਾਂ ਦੇ ਬੂਟੇ ਦਾ ਪੁੰਗਰਨਾ ਆਸਾਨ ਰਹੇ

ਚਾਰੇ ਪਾਸੇ ਖ਼ੂਨ ਦੇ ਛੱਪੜ, ਫਿਰ ਵੀ ਦਿਖਦੇ ਸ਼ਾਂਤ ਬੜੇ
ਪੱਥਰ ਦੇ ਭਗਵਾਨ ਤਾਂ ਆਖ਼ਿਰ ਪੱਥਰ ਦੇ ਭਗਵਾਨ ਰਹੇ
                          ~~~~~~~~~

Sunday 6 June 2010

ਨ੍ਹੇਰ ਦੇ ਸੁੰਨੇ ਪਲਾਂ ਵਿੱਚ..

ਨ੍ਹੇਰ ਦੇ ਸੁੰਨੇ ਪਲਾਂ ਵਿੱਚ ਭਟਕਦੇ 'ਕੱਲੇ ਅਸੀਂ
ਭਾਲਦੇ ਪੂਰਬ ਨੂੰ ਖ਼ੁਦ ਹੀ ਅਸਤ ਹੋ ਚੱਲੇ ਅਸੀਂ

ਧੁੱਪ ਚੜ੍ਹ ਆਈ ਤਾਂ ਇਹਨਾਂ ਨੂੰ ਹਾਂ ਸਿਰ 'ਤੇ ਲੋਚਦੇ
ਰੱਖਿਆ ਛਾਵਾਂ ਨੂੰ ਹੁਣ ਤੱਕ ਠੋਕਰਾਂ ਥੱਲੇ ਅਸੀਂ

ਜੋ ਲਿਖੇ ਸਨ ਖ਼ੁਸ਼ਕੀਆਂ ਦੇ ਨਾਲ,ਪਰਤੇ ਖ਼ੁਸ਼ਕ ਹੀ
ਬੱਦਲਾਂ ਦੇ ਦੇਸ਼ ਨੂੰ ਜਿੰਨੇ ਵੀ ਖ਼ਤ ਘੱਲੇ ਅਸੀਂ

ਰਾਤ ਸਾਰੀ ਤਾਰਿਆਂ ਦੇ ਵੱਲ ਰਹਿੰਦੇ ਝਾਕਦੇ
ਰੌਸ਼ਨੀ ਦੀ ਭਾਲ਼ ਅੰਦਰ ਹੋ ਗਏ ਝੱਲੇ ਅਸੀਂ


ਤਾਂ ਹੀ ਸ਼ਾਇਦ ਹੈ ਸਲੀਕਾ, ਸੁਰ ਵੀ ਹੈ ਤੇ ਹੈ ਮਿਠਾਸ
ਬੰਸਰੀ ਵਾਂਗਰ ਗਏ ਕਿੰਨੀ ਦਫ਼ਾ ਸੱਲ੍ਹੇ ਅਸੀਂ !!

Friday 4 June 2010

ਹਰੇਕ ਪਲ ਨੂੰ ..


ਹਰੇਕ ਪਲ ਨੂੰ ਮੈਂ ਗਿਣ ਰਿਹਾ ਹਾਂ
ਉਡੀਕ ਤੇਰੀ ਹਿਸਾਬ  ਮੇਰਾ
ਨਵਾਜ਼ ਮੈਨੂੰ ਤੂੰ ਆ ਕੇ ਜਲਦੀ
ਹੈ ਤੇਰੀ ਆਮਦ ਖ਼ਿਤਾਬ ਮੇਰਾ |

ਨਾ ਦਿਨ ਚੜ੍ਹੇ ਦੀ ਨਾ ਦਿਨ ਲਹੇ ਦੀ

ਨਾ ਕੁਝ ਸੁਣੇ ਦੀ ਨਾ ਕੁਝ ਕਹੇ ਦੀ
ਹਮੇਸ਼ ਰਹਿੰਦੇ ਨੇ ਹੋ ਕੇ ਇਕ-ਮਿੱਕ
ਖ਼ਿਆਲ ਤੇਰਾ ਤੇ ਖ਼ਾਬ ਮੇਰਾ |

ਸਜੀਵ ਯਾਦਾਂ , ਸਜੀਵ ਕਿੱਸੇ
ਜੋ ਆਏ ਅਕਸਰ ਹੀ ਸਾਡੇ ਹਿੱਸੇ
ਅਸੀਮ ਚੇਤੇ 'ਚ ਹੁਣ ਵੀ ਮਹਿਕਣ
ਕਿਤਾਬ ਤੇਰੀ ਗੁਲਾਬ ਮੇਰਾ |

ਜੇ ਤੇਰਾ ਸ਼ੰਕਾ ਹੈ ਬੇਵਫ਼ਾਈ
ਤਾਂ ਮੇਰਾ ਡੰਕਾ ਇਮਾਨਦਾਰੀ
ਜੇ ਫੇਰ ਵੀ ਤੂੰ ਨਿਚੋੜ ਚਾਹੇਂ
ਸਵਾਲ ਤੇਰਾ ਜਵਾਬ ਮੇਰਾ |

ਆ ਇੱਕੋ ਪਿੰਡੇ 'ਤੇ ਝੱਲ ਲਈਏ
ਜੋ ਪੀੜ ਤੇਰੀ ਸੋ ਪੀੜ ਮੇਰੀ
ਆ ਇੱਕੋ ਨੇਤਰ 'ਚੋਂ ਦੇਖ ਲਈਏ
ਜੋ ਖ਼ਾਬ ਤੇਰਾ ਸੋ ਖ਼ਾਬ ਮੇਰਾ |

ਵਜੂਦ ਅਪਣੇ ਨੂੰ ਵੰਡਣੇ ਲਈ
ਨਾ ਤੂੰ ਸੀ ਰਾਜ਼ੀ ਨਾ ਮੈਂ ਸੀ ਰਾਜ਼ੀ
ਨਾ ਤੂੰ ਕਿਹਾ ਸੀ ਨਾ ਮੈਂ ਕਿਹਾ ਸੀ-
ਬਿਆਸ ਤੇਰਾ ਚਨਾਬ ਮੇਰਾ !