Thursday 31 March 2011

ਅਜੇ ਪੈਰੀਂ ਸਫ਼ਰ..


ਅਜੇ ਪੈਰੀਂ ਸਫ਼ਰ ਬੱਝਾ ਰਹਿਣ ਦੇ
ਨਾ ਇਸ ਝਾਂਜਰ ਨੂੰ ਕਰ ਤੂੰ ਦੂਰ ਹਾਲੇ
ਅਜੇ ਨੱਚਣ ਲਈ ਵਿਹੜਾ ਸਲਾਮਤ
ਨਾ ਹੋਏ ਪੈਰ ਥੱਕ ਕੇ ਚੂਰ ਹਾਲੇ

ਪਰਿੰਦੇ ਸਾਂਭ ਕੇ ਰਖਦੇ ਉਦਾਸੀ
ਸਭ ਆਪੋ-ਆਪਣੇ ਪਿੰਜਰੇ ਦੇ ਵਾਸੀ
ਇਨ੍ਹਾਂ ਦੇ ਬੋਲ ਵੀ ਚੀਰਨਗੇ 'ਵਾਵਾਂ
ਪਿਆ ਨਾ ਅੰਬੀਆਂ ਨੂੰ ਬੂਰ ਹਾਲੇ

ਕਦੇ ਲੱਗਦੈ ਹਨੇਰਾ ਹੋ ਗਿਆ ਹੈ
ਕਦੇ ਲੱਗਦੈ ਸਵੇਰਾ ਹੋ ਗਿਆ ਹੈ
ਇਹ ਕੈਸਾ ਹਾਲ ਮੇਰਾ ਹੋ ਗਿਆ ਹੈ
ਜਾਂ ਮੇਰੀ ਅੱਖ ਹੈ ਬੇਨੂਰ ਹਾਲੇ

ਚਿਰਾਂ ਤੋਂ ਦਿਲ ਨੇ ਸੀ ਸੁਪਨਾ ਸਜਾਇਆ
ਮਸਾਂ ਅੱਜ ਬਹਿ ਕੇ ਮੈਂ ਇਸ ਨੂੰ ਵਰਾਇਆ
ਸਮਾਂ ਆਇਆ ਸਮੁੰਦਰ ਵੀ ਬਣਾਂਗੇ
ਤੂੰ ਆਪਣੀ ਪਿਆਸ ਦਾ ਪੱਖ ਪੂਰ ਹਾਲੇ

ਜੇ ਉਸਦੀ ਯਾਦ ਹੁਣ ਆਉਂਦੀ ਤਾਂ ਆਵੇ
ਜੇ ਭੋਰਾ ਜਿੰਦ ਨੂੰ ਖਾਂਦੀ ਤਾਂ ਖਾਵੇ
ਅਜੇ ਨਹੀਂ  ਏਸ ਦੀ ਕਰਨੀ ਮੈਂ ਦਾਰੂ
ਇਹ ਫੱਟ ਬਣਿਆ ਨਹੀਂ ਨਾਸੂਰ ਹਾਲੇ

ਸਮੇ ਦੀ ਤੋਰ ਦੀ ਸੁਣਦੇ ਕਹਾਣੀ
ਕਿ ਲੋਕੀਂ ਹੋ ਗਏ ਸਮਿਆਂ ਦੇ ਹਾਣੀ
ਅਸੀਂ ਪਰ ਪੁੱਛਣਾ ਰਾਹੀਆਂ ਨੂੰ ਪਾਣੀ
ਨਹੀਂ ਇਹ ਬਦਲਣਾ ਦਸਤੂਰ ਹਾਲੇ

4 comments:

  1. ਚਿਰਾਂ ਤੋਂ ਦਿਲ ਨੇ ਸੀ ਸੁਪਨਾ ਸਜਾਇਆ
    ਮਸਾਂ ਅੱਜ ਬਹਿ ਕੇ ਮੈਂ ਇਸ ਨੂੰ ਵਰਾਇਆ
    ਸਮਾਂ ਆਇਆ ਸਮੁੰਦਰ ਵੀ ਬਣਾਂਗੇ
    ਤੂੰ ਆਪਣੀ ਪਿਆਸ ਦਾ ਪੱਖ ਪੂਰ ਹਾਲੇ

    ਕਮਾਲ!ਕਮਾਲ!ਕਮਾਲ!! ਤੁਹਾਡੀ ਕਿਤਾਬ 'ਚੋਂ ਇਹ ਗ਼ਜ਼ਲ ਵੀ ਮੇਰੀਆਂ ਮਨ-ਪਸੰਦੀਦਾ ਗ਼ਜ਼ਲਾਂ 'ਚੋਂ ਇਕ ਹੈ, ਰਾਜਿੰਦਰਜੀਤ ਜੀ। ਤੁਹਾਡੀ ਕਲਮ ਨੂੰ ਇਕ ਵਾਰੀ ਫੇਰ ਸਲਾਮ!

    ReplyDelete
  2. Great poetry..

    ReplyDelete