Monday, 29 August 2011

ਮੈਂ ਦੁਆਵਾਂ 'ਚ ਰਹਿ ਨਹੀਂ ਸਕਿਆ..


ਮੈਂ ਦੁਆਵਾਂ 'ਚ ਰਹਿ ਨਹੀਂ ਸਕਿਆ
ਕਾਮਨਾਵਾਂ 'ਚ ਰਹਿ ਨਹੀਂ ਸਕਿਆ

ਰਾਖੀ ਧੁੱਪਾਂ ਦੀ ਸੀ ਮੇਰੇ ਜ਼ਿੰਮੇ
ਤਾਂ ਹੀ ਛਾਵਾਂ 'ਚ ਰਹਿ ਨਹੀਂ ਸਕਿਆ

ਤੈਥੋਂ ਰੂਹਾਂ ਪਛਾਣ ਨਾ ਹੋਈਆਂ
ਤੇ ਮੈਂ ਨਾਂਵਾਂ 'ਚ ਰਹਿ ਨਹੀਂ ਸਕਿਆ

ਬੂੰਦ ਜਿਸ 'ਤੇ ਵੀ ਪਈ ਚਾਨਣ ਦੀ
ਉਹ ਗੁਫ਼ਾਵਾਂ 'ਚ ਰਹਿ ਨਹੀਂ ਸਕਿਆ

ਕੀ ਹਨੇਰਾ ਵੀ ਤੈਨੂੰ ਸਾਂਭੇਗਾ
ਜੇ ਸ਼ੁਆਵਾਂ 'ਚ ਰਹਿ ਨਹੀਂ ਸਕਿਆ

ਮੈਂ ਸੁਗੰਧੀ ਵੀ ਬਣ ਗਿਆ ਫਿਰ ਵੀ
ਤੇਰੇ ਸਾਹਵਾਂ 'ਚ ਰਹਿ ਨਹੀਂ ਸਕਿਆ

ਸਾਡਾ ਚਰਚਾ ਵੀ ਖ਼ੂਬ ਸੀ, ਭਾਂਵੇਂ
ਇਹ ਕਥਾਵਾਂ 'ਚ ਰਹਿ ਨਹੀਂ ਸਕਿਆ !
      <<<<< >>>>>

Sunday, 5 June 2011

ਮੇਰੇ ਹਿੱਸੇ 'ਚ...


ਮੇਰੇ ਹਿੱਸੇ 'ਚ ਥੋੜਾ ਪਾਣੀ ਹੈ
ਫੇਰ ਉਹੀ ਪਿਆਸ ਦੀ ਕਹਾਣੀ ਹੈ

ਹੁੰਦਾ ਪੱਥਰ ਪਿਘਲਦਾ ਦਿਖ ਜਾਂਦਾ
ਉਹ ਤਾਂ ਪਹਿਲਾਂ ਹੀ ਸਾਰਾ ਪਾਣੀ ਹੈ

ਮੈਂ ਵੀ ਜਾਂਦਾ ਹਾਂ,ਉਹ ਵੀ ਆਉਂਦੇ ਨੇ
ਮੇਰੀ ਦੁੱਖਾਂ ਦੀ ਆਉਣੀ-ਜਾਣੀ ਹੈ

ਥੋੜੇ ਅਹਿਸਾਨ ਕਰ ਕੇ ਤੇਰੇ 'ਤੇ
ਮੈਂ ਤਾਂ ਅਪਣੀ ਹੀ ਰਾਖ਼ ਛਾਣੀ ਹੈ

ਕਿੰਜ ਪਹਿਨਣਗੇ ਚਾਅ ਨਵੇਂ ਤੇਰੇ
ਮੇਰੀ ਇਹ ਪੀੜ ਕੁਝ ਪੁਰਾਣੀ ਹੈ |

Thursday, 31 March 2011

ਅਜੇ ਪੈਰੀਂ ਸਫ਼ਰ..


ਅਜੇ ਪੈਰੀਂ ਸਫ਼ਰ ਬੱਝਾ ਰਹਿਣ ਦੇ
ਨਾ ਇਸ ਝਾਂਜਰ ਨੂੰ ਕਰ ਤੂੰ ਦੂਰ ਹਾਲੇ
ਅਜੇ ਨੱਚਣ ਲਈ ਵਿਹੜਾ ਸਲਾਮਤ
ਨਾ ਹੋਏ ਪੈਰ ਥੱਕ ਕੇ ਚੂਰ ਹਾਲੇ

ਪਰਿੰਦੇ ਸਾਂਭ ਕੇ ਰਖਦੇ ਉਦਾਸੀ
ਸਭ ਆਪੋ-ਆਪਣੇ ਪਿੰਜਰੇ ਦੇ ਵਾਸੀ
ਇਨ੍ਹਾਂ ਦੇ ਬੋਲ ਵੀ ਚੀਰਨਗੇ 'ਵਾਵਾਂ
ਪਿਆ ਨਾ ਅੰਬੀਆਂ ਨੂੰ ਬੂਰ ਹਾਲੇ

ਕਦੇ ਲੱਗਦੈ ਹਨੇਰਾ ਹੋ ਗਿਆ ਹੈ
ਕਦੇ ਲੱਗਦੈ ਸਵੇਰਾ ਹੋ ਗਿਆ ਹੈ
ਇਹ ਕੈਸਾ ਹਾਲ ਮੇਰਾ ਹੋ ਗਿਆ ਹੈ
ਜਾਂ ਮੇਰੀ ਅੱਖ ਹੈ ਬੇਨੂਰ ਹਾਲੇ

ਚਿਰਾਂ ਤੋਂ ਦਿਲ ਨੇ ਸੀ ਸੁਪਨਾ ਸਜਾਇਆ
ਮਸਾਂ ਅੱਜ ਬਹਿ ਕੇ ਮੈਂ ਇਸ ਨੂੰ ਵਰਾਇਆ
ਸਮਾਂ ਆਇਆ ਸਮੁੰਦਰ ਵੀ ਬਣਾਂਗੇ
ਤੂੰ ਆਪਣੀ ਪਿਆਸ ਦਾ ਪੱਖ ਪੂਰ ਹਾਲੇ

ਜੇ ਉਸਦੀ ਯਾਦ ਹੁਣ ਆਉਂਦੀ ਤਾਂ ਆਵੇ
ਜੇ ਭੋਰਾ ਜਿੰਦ ਨੂੰ ਖਾਂਦੀ ਤਾਂ ਖਾਵੇ
ਅਜੇ ਨਹੀਂ  ਏਸ ਦੀ ਕਰਨੀ ਮੈਂ ਦਾਰੂ
ਇਹ ਫੱਟ ਬਣਿਆ ਨਹੀਂ ਨਾਸੂਰ ਹਾਲੇ

ਸਮੇ ਦੀ ਤੋਰ ਦੀ ਸੁਣਦੇ ਕਹਾਣੀ
ਕਿ ਲੋਕੀਂ ਹੋ ਗਏ ਸਮਿਆਂ ਦੇ ਹਾਣੀ
ਅਸੀਂ ਪਰ ਪੁੱਛਣਾ ਰਾਹੀਆਂ ਨੂੰ ਪਾਣੀ
ਨਹੀਂ ਇਹ ਬਦਲਣਾ ਦਸਤੂਰ ਹਾਲੇ

Sunday, 26 December 2010

ਖ਼ਾਲੀ ਵਰਕੇ..

ਖ਼ਾਲੀ ਵਰਕੇ ਚਾਰ-ਚੁਫੇਰੇ
ਕਿਸਨੇ ਵਰਜੇ ਅੱਖਰ ਮੇਰੇ

ਆਹ ਚੁੱਕ ਤੇ ਪਹਿਨਣ ਦੀ ਕਰ ਤੂੰ
ਹੰਢਣ ਜੋਗੇ ਦਰਦ ਬਥੇਰੇ

ਤੇਲ ਕਿਸੇ ਭਾਂਬੜ ਸੰਗ ਰਲਿਆ
ਖਾਲੀ ਦੀਵੇ ਰੋਣ ਬਨੇਰੇ

ਹਾਸੇ ਤਾਂ ਸਾਰੇ ਹੀ ਨਕਲੀ
ਹੰਝੂ ਵੀ ਪਰਖਾਂਗੇ ਤੇਰੇ

ਇਸ ਵਾਰੀ ਕੁਝ ਹੋਰ ਬਣਾਓ
'ਕੱਠੇ ਕਰਕੇ ਟੁਕੜੇ ਮੇਰੇ
            ~~~~~~~~~~

Thursday, 2 December 2010

ਖੌਰੇ ਪਾਂਧੀ ਕਿੰਨਾ ਚਿਰ...

ਖੌਰੇ ਪਾਂਧੀ ਕਿੰਨਾ ਚਿਰ ਬਹਿ ਸਕਣ ਇਨ੍ਹਾਂ ਦੀ ਛਾਵੇਂ
ਪੱਤਝੜ ਪੁੱਛਦੀ ਫਿਰਦੀ ਸੀ ਕੱਲ੍ਹ ਰੁੱਖਾਂ ਦੇ ਸਿਰਨਾਵੇਂ

ਮਾਰੂਥਲ ਵਿੱਚ ਧੁੱਪਾਂ ਨੇ ਜਦ ਅਪਣਾ ਜ਼ੋਰ ਵਿਖਾਇਆ
ਵੇਖੀਂ ਭੱਜ-ਭੱਜ ਬੈਠਣਗੇ ਉਹ ਇੱਕ-ਦੂਜੇ ਦੀ ਛਾਵੇਂ

ਕੀ ਜ਼ਿੰਦਗੀ ਨੂੰ ਲਿਖਣਾ ਸਿੱਖਣਾ, ਕੀ ਅਰਥਾਂ ਤੱਕ ਜਾਣਾ
ਹਾਲੇ ਤੱਕ ਇਹ ਯਾਦ ਨ ਹੋਏ ਅੱਖਰ ਚਾਰ ਭੁਲਾਵੇਂ

ਗੇਰੂ ਰੰਗੀ ਸ਼ਾਮ ਦਿਆਂ ਰੰਗਾਂ ਤੋਂ ਮੁਨਕਰ ਹੋ ਕੇ
ਮਨ ਦੇ ਸੁੰਨੇ ਘਰ ਵਿੱਚ ਘੁੰਮਦੇ ਰਹਿੰਦੇ ਕੁਝ ਪਰਛਾਵੇਂ

ਬੇਮਤਲਬ ਹੈ ਬੇਮੰਜ਼ਿਲ ਰਾਹੀਆਂ ਦੇ ਪਿੱਛੇ ਜਾਣਾ
ਫਿਰ ਵੀ ਜ਼ਿਹਨ 'ਚ ਸਾਂਭੀ ਰੱਖੀਂ ਪੈੜਾਂ ਦੇ ਸਿਰਨਾਵੇਂ
                
                  ~~~~~~~~~

Friday, 22 October 2010

ਇਹ ਲੋਕ ਵਕਤ ਦਾ..

ਇਹ ਲੋਕ ਵਕਤ ਦਾ ਚਿਹਰਾ ਜੇ ਪੜ੍ਹ ਗਏ ਹੁੰਦੇ 
ਉੱਤਰ ਕੇ ਅਰਸ਼ ਤੋਂ ਸੂਲੀ 'ਤੇ ਚੜ੍ਹ ਗਏ ਹੁੰਦੇ

ਉਨ੍ਹਾਂ ਜੋ ਸੋਚਿਆ, ਉਹ ਹੀ ਜੇ ਹੋ ਗਿਆ ਹੁੰਦਾ
ਘਰਾਂ ਦੇ ਰੁੱਖ  ਵੀ ਮੋੜਾਂ 'ਤੇ ਖੜ੍ਹ ਗਏ ਹੁੰਦੇ

ਤੁਸਾਂ ਵਹਾਏ ਜੋ, ਹੁੰਦੇ ਜੇ ਅੱਥਰੂ ਸਚਮੁਚ
ਤੁਹਾਡੇ ਰੰਜ ਵੀ ਇਹਨਾਂ 'ਚ ਹੜ੍ਹ ਗਏ ਹੁੰਦੇ

ਮੇਰਾ ਸ਼ੁਮਾਰ ਵੀ ਰੁੱਖਾਂ 'ਚ ਹੁੰਦਾ, ਜੇ ਮੇਰੇ
ਜ਼ਰਾ ਕੁ ਪੌਣ 'ਚ ਪੱਤੇ ਨਾ ਝੜ ਗਏ ਹੁੰਦੇ


ਅਸਾਡੇ ਵਸਲ 'ਚ ਹਿਜਰਾਂ ਦੀ ਮਹਿਕ ਸੀ,ਵਰਨਾ
ਅਸੀਂ ਤਾਂ ਮਿਲਣ ਤੋਂ ਪਹਿਲਾਂ ਵਿੱਛੜ ਗਏ ਹੁੰਦੇ

Saturday, 2 October 2010

ਹਰੇਕ ਪਲ ਨੂੰ...

ਹਰੇਕ ਪਲ ਨੂੰ ਮੈਂ ਗਿਣ ਰਿਹਾ ਹਾਂ
ਉਡੀਕ ਤੇਰੀ ਹਿਸਾਬ ਮੇਰਾ
ਨਵਾਜ਼ ਮੈਨੂੰ ਤੂੰ ਆ ਕੇ ਜਲਦੀ
ਹੈ ਤੇਰੀ ਆਮਦ ਖ਼ਿਤਾਬ ਮੇਰਾ

ਨਾ ਦਿਨ ਚੜ੍ਹੇ ਦੀ ਨਾ ਦਿਨ ਲਹੇ ਦੀ
ਨਾ ਕੁਝ ਸੁਣੇ ਦੀ ਨਾ ਕੁਝ ਕਹੇ ਦੀ
ਹਮੇਸ਼ ਰਹਿੰਦੇ ਨੇ ਹੋ ਕੇ ਇੱਕ-ਮਿਕ
ਖਿਆਲ ਤੇਰਾ ਤੇ ਖ਼ਾਬ ਮੇਰਾ

ਸਜੀਵ ਯਾਦਾਂ ਸਜੀਵ ਕਿੱਸੇ
ਜੋ ਆਏ ਅਕਸਰ ਹੀ ਸਾਡੇ ਹਿੱਸੇ
ਅਸੀਮ ਚੇਤੇ 'ਚ ਹੁਣ ਵੀ ਮਹਿਕਣ
ਕਿਤਾਬ ਤੇਰੀ ਗੁਲਾਬ ਮੇਰਾ

ਜੇ ਤੇਰਾ ਸ਼ੰਕਾ ਹੈ ਬੇਵਫ਼ਾਈ
ਤਾਂ ਮੇਰਾ ਡੰਕਾ ਇਮਾਨਦਾਰੀ
ਜੇ ਫੇਰ ਵੀ ਤੂੰ ਨਿਚੋੜ ਚਾਹੇਂ
ਸਵਾਲ ਤੇਰਾ ਜਵਾਬ ਮੇਰਾ

ਆ ਇੱਕੋ ਪਿੰਡੇ 'ਤੇ ਝੱਲ ਲਈਏ
ਜੋ ਪੀੜ ਤੇਰੀ ਸੋ ਪੀੜ ਮੇਰੀ
ਆ ਇੱਕੋ ਨੇਤਰ 'ਚੋਂ ਦੇਖ ਲਈਏ
ਜੋ ਖ਼ਾਬ ਤੇਰਾ ਸੋ ਖ਼ਾਬ ਮੇਰਾ

ਵਜੂਦ ਅਪਣੇ ਨੂੰ ਵੰਡਣੇ ਲਈ
ਨਾ ਤੂੰ ਸੀ ਰਾਜ਼ੀ ਨਾ ਮੈਂ ਸੀ ਰਾਜ਼ੀ
ਨਾ ਤੂੰ ਕਿਹਾ ਸੀ ਨਾ ਮੈਂ ਕਿਹਾ ਸੀ
ਬਿਆਸ ਤੇਰਾ ਚਨਾਬ ਮੇਰਾ
        ~~~~~~~~~~