Monday 12 July 2010

ਖ਼ੁਦੀ ਨੂੰ ਆਸਰਾ..

ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ
ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ

ਨਦੀ ਉੱਛਲ਼ੇ ਬਹੁਤ, ਮੈਂ ਖ਼ੁਸ਼ ਵੀ ਹੁੰਦਾ ਹਾਂ ਤੇ ਡਰਦਾ ਹਾਂ
ਬੁਝਾ ਜਾਵੇ ਨਾ ਮੈਨੂੰ ਹੀ ਉਹ ਮੇਰੀ ਪਿਆਸ ਤੋਂ ਪਹਿਲਾਂ

ਤੂੰ ਹੁਣ ਭੇਜੇਂ ਜਾਂ ਅਗਲੇ ਪਲ,ਤੇਰੀ ਹਉਮੈ ਦੀ ਹੈ ਮਰਜ਼ੀ
ਮੈਂ ਕੁੱਲ ਜੰਗਲ ਦਾ ਜਾਣੂੰ ਹੋ ਗਿਆਂ ਬਨਵਾਸ ਤੋਂ ਪਹਿਲਾਂ

ਹਰਿਕ ਟੁਕੜੇ 'ਚ ਸੀ ਕੋਈ ਕਸ਼ਿਸ਼ ਕੋਈ ਤੜਪ ਐਸੀ
ਮੈਂ ਜੁੜ ਚੁੱਕਿਆ ਸੀ ਖੰਡਿਤ ਹੋਣ ਦੇ ਅਹਿਸਾਸ ਤੋਂ ਪਹਿਲਾਂ

ਉਦ੍ਹੇ ਸੁਪਨੇ 'ਚ ਸੈਆਂ ਪਿੰਜਰੇ ਦਿਸਦੇ ਰਹੇ ਰਾਤੀਂ
ਪਰਿੰਦਾ ਪਰ ਲੁਹਾ ਆਇਆ ਕਿਸੇ ਪਰਵਾਸ ਤੋਂ ਪਹਿਲਾਂ

ਤੇਰਾ ਜਾਣਾ ਜਿਵੇਂ ਦੁਨੀਆ ਦਾ ਸਭ ਤੋਂ ਦਰਦ ਹੈ ਭਾਰਾ
ਕੁਛ ਐਸਾ ਜਾਪਦਾ ਸੀ ਰੋਣ ਦੇ ਅਭਿਆਸ ਤੋਂ ਪਹਿਲਾਂ

ਬੜਾ ਕੁਝ ਵਕ਼ਤ ਨੇ ਲਿਖਿਆ ਮੇਰੇ ਤਨ 'ਤੇ, ਮੇਰੀ ਰੂਹ 'ਤੇ
ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮੇਰੇ ਇਤਿਹਾਸ ਤੋਂ ਪਹਿਲਾਂ
                         ~~~~~~~~~

1 comment: