Saturday, 17 July 2010
ਪਰਾਂ ਨੂੰ ਮੈਂ..
ਪਰਾਂ ਨੂੰ ਮੈਂ ਪਰਵਾਜ਼ ਦਿਆਂ, ਬੇ ਪਰਿਆਂ ਨੂੰ ਪਰ ਦੇਵਾਂ
ਏਸ ਬਹਾਨੇ ਅਪਣੇ-ਆਪ ਨੂੰ ਖੁੱਲ੍ਹਾ ਅੰਬਰ ਦੇਵਾਂ
ਸੁੰਨ-ਮਸੁੰਨੀ ਰਾਤ ਦੀ ਸੁੰਨੀ ਮਾਂਗ ਜ਼ਰਾ ਭਰ ਦੇਵਾਂ
ਮੱਸਿਆ ਵਰਗੇ ਸਫ਼ਿਆਂ ਨੂੰ ਕੁਝ ਸੂਹੇ ਅੱਖਰ ਦੇਵਾਂ
ਹਰ ਥਾਂ ਧੂੰਆਂ, ਧੁੰਦ, ਧੁਆਂਖੀ ਧਰਤੀ, ਧੁਖਦੇ ਰਸਤੇ
ਕਿਸ ਥਾਂ ਜਾ ਕੇ ਅੱਖਾਂ ਨੂੰ ਇੱਕ ਸਾਵਾ ਮੰਜ਼ਰ ਦੇਵਾਂ
ਮੇਰੇ ਜੁੱਸੇ ਦੇ ਵਿੱਚ ਜੰਮੀ ਬਰਫ਼ ਜ਼ਰਾ ਤਾਂ ਪਿਘਲ਼ੇ
ਅਪਣੀ ਤਲ਼ੀ ਨੂੰ ਤੇਰੇ ਤਪਦੇ ਮੱਥੇ 'ਤੇ ਧਰ ਦੇਵਾਂ
ਖ਼ੁਦ ਨੂੰ ਮਿਲਣ ਤੋਂ ਪਹਿਲਾਂ ਮੇਰਾ ਤੈਨੂੰ ਮਿਲਣਾ ਔਖਾ
ਤੇਰੀਆਂ ਸਾਬਤ ਰੀਝਾਂ ਨੂੰ ਕਿੰਜ ਟੁੱਟੀ ਝਾਂਜਰ ਦੇਵਾਂ
ਮੈਨੂੰ ਹੀ ਪੈਣੇ ਨੇ ਕੱਲ੍ਹ ਨੂੰ ਰੁੱਤਾਂ ਦੇ ਫੁੱਲ ਚੁਗਣੇ
ਅੱਜ ਹੀ ਅਪਣੀ ਹਿੰਮਤ ਨੂੰ ਮੈਂ ਚਿੱਟੇ ਵਸਤਰ ਦੇਵਾਂ
ਮਹਿਕੀ ਰੁੱਤ ਵਿਚ ਵੀ ਜੋ ਕਲੀਆਂ ਮਹਿਕ ਨਹੀਂ ਦੇ ਸਕੀਆਂ
ਮੈਂ ਉਹਨਾਂ ਨੂੰ ਹਰ ਇੱਕ ਰੁੱਤੇ ਮਹਿਕਣ ਦਾ ਵਰ ਦੇਵਾਂ
~~~~~~~~~~~
Monday, 12 July 2010
ਖ਼ੁਦੀ ਨੂੰ ਆਸਰਾ..
ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ
ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ
ਨਦੀ ਉੱਛਲ਼ੇ ਬਹੁਤ, ਮੈਂ ਖ਼ੁਸ਼ ਵੀ ਹੁੰਦਾ ਹਾਂ ਤੇ ਡਰਦਾ ਹਾਂ
ਬੁਝਾ ਜਾਵੇ ਨਾ ਮੈਨੂੰ ਹੀ ਉਹ ਮੇਰੀ ਪਿਆਸ ਤੋਂ ਪਹਿਲਾਂ
ਤੂੰ ਹੁਣ ਭੇਜੇਂ ਜਾਂ ਅਗਲੇ ਪਲ,ਤੇਰੀ ਹਉਮੈ ਦੀ ਹੈ ਮਰਜ਼ੀ
ਮੈਂ ਕੁੱਲ ਜੰਗਲ ਦਾ ਜਾਣੂੰ ਹੋ ਗਿਆਂ ਬਨਵਾਸ ਤੋਂ ਪਹਿਲਾਂ
ਹਰਿਕ ਟੁਕੜੇ 'ਚ ਸੀ ਕੋਈ ਕਸ਼ਿਸ਼ ਕੋਈ ਤੜਪ ਐਸੀ
ਮੈਂ ਜੁੜ ਚੁੱਕਿਆ ਸੀ ਖੰਡਿਤ ਹੋਣ ਦੇ ਅਹਿਸਾਸ ਤੋਂ ਪਹਿਲਾਂ
ਉਦ੍ਹੇ ਸੁਪਨੇ 'ਚ ਸੈਆਂ ਪਿੰਜਰੇ ਦਿਸਦੇ ਰਹੇ ਰਾਤੀਂ
ਪਰਿੰਦਾ ਪਰ ਲੁਹਾ ਆਇਆ ਕਿਸੇ ਪਰਵਾਸ ਤੋਂ ਪਹਿਲਾਂ
ਤੇਰਾ ਜਾਣਾ ਜਿਵੇਂ ਦੁਨੀਆ ਦਾ ਸਭ ਤੋਂ ਦਰਦ ਹੈ ਭਾਰਾ
ਕੁਛ ਐਸਾ ਜਾਪਦਾ ਸੀ ਰੋਣ ਦੇ ਅਭਿਆਸ ਤੋਂ ਪਹਿਲਾਂ
ਬੜਾ ਕੁਝ ਵਕ਼ਤ ਨੇ ਲਿਖਿਆ ਮੇਰੇ ਤਨ 'ਤੇ, ਮੇਰੀ ਰੂਹ 'ਤੇ
ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮੇਰੇ ਇਤਿਹਾਸ ਤੋਂ ਪਹਿਲਾਂ
~~~~~~~~~

Thursday, 8 July 2010
ਨਵੀਂ ਸਵੇਰ ਦੇ ..
ਨਵੀਂ ਸਵੇਰ ਦੇ ਮੁਖੜੇ ਜਿਹੀ ਕੋਈ ਮੂਰਤ
ਜੋ ਮੇਰੇ ਖਾਬ 'ਚ ਆਈ, ਬੁਲਾ ਗਈ ਮੈਨੂੰ
ਸਵੇਰ ਤੀਕ ਨਾ ਮੁੜਿਆ ਤਾਂ ਮੈਨੂੰ ਭੁੱਲ ਜਾਇਓ
ਬਸ ਏਹੋ ਸਮਝਿਓ , ਸਿਆਹ ਰਾਤ ਖਾ ਗਈ ਮੈਨੂੰ
ਜੇ ਹੋ ਸਕੇ ਤਾਂ ਫਿਰ ਏਨੀ ਉਚੇਚ ਕਰ ਜਾਣਾ
ਕਿ ਆਪਣੀ ਮੜਕ ਨੂੰ ਲੋੜਾਂ ਦੇ ਮੇਚ ਕਰ ਜਾਣਾ
ਉਦਾਸ ਜ਼ਿੰਦਗੀ ਪਿੰਡੇ 'ਤੇ ਚੀਥੜੇ ਪਹਿਨੀ
ਬਿਠਾ ਕੇ ਗੋਦ 'ਚ ਏਨਾ ਸਿਖਾ ਗਈ ਮੈਨੂੰ
ਮੈਂ ਜਿਸਨੇ ਸ਼ੋਖ ਹਵਾ ਦੀ ਨਾ ਆਰਜ਼ੂ ਵੇਖੀ
ਕਦੇ ਵੀ ਧੜਕਣਾਂ ਤੋਂ ਪਾਰ ਦੀ ਨਾ ਜੂਹ ਵੇਖੀ
ਮੈਂ ਜੋ ਜ਼ਮੀਨ 'ਤੇ ਪਾਰੇ ਦੇ ਵਾਂਗ ਤੁਰਦਾ ਸੀ
ਕਿਸੇ ਦੀ ਤੱਕਣੀ ਸ਼ੀਸ਼ਾ ਬਣਾ ਗਈ ਮੈਨੂੰ
ਨਹੀਂ ਮੈਂ ਦੋਸਤੋ ਹੈਰਾਨ ਉਸਦੇ ਕਾਰੇ 'ਤੇ
ਉਹ ਚੜ੍ਹ ਕੇ ਆ ਗਈ ਮੇਰੇ ਹੀ ਇੱਕ ਇਸ਼ਾਰੇ 'ਤੇ
ਸਣੇ ਕਮਾਨ ਤੇ ਤੀਰਾਂ ਦੇ ਤੋੜ ਕੇ ਤਰਕਸ਼
ਸਰੇ- ਬਜ਼ਾਰ ਮੇਰੀ ਮੈਂ ਹਰਾ ਗਈ ਮੈਨੂੰ
ਬਸ ਏਹੋ ਹੁਨਰ ਹੀ ਮੇਰੇ ਜਿਗਰ ਦਾ ਦਰਦ ਹਰੇ
ਇਹੋ ਖ਼ਿਆਲ ਹੀ ਮੇਰੇ ਲਹੂ 'ਚ ਰੰਗ ਭਰੇ
ਬਿਗਾਨੀ ਪੀੜ ਨੂੰ ਮੱਥੇ ਸਜਾਉਣ ਸਿੱਖਿਆ ਹਾਂ
ਇਹੋ ਹੀ ਟੂੰਮ ਹੈ ਜਿਹੜੀ ਸਜਾ ਗਈ ਮੈਨੂੰ
~~~~~~~~~
Monday, 5 July 2010
ਮੈਂ ਦੁਆਵਾਂ 'ਚ ..
ਮੈਂ ਦੁਆਵਾਂ 'ਚ ਰਹਿ ਨਹੀਂ ਸਕਿਆ
ਕਾਮਨਾਵਾਂ 'ਚ ਰਹਿ ਨਹੀਂ ਸਕਿਆ
ਰਾਖੀ ਧੁੱਪਾਂ ਦੀ ਸੀ ਮੇਰੇ ਜ਼ਿੰਮੇ
ਤਾਂ ਹੀ ਛਾਵਾਂ 'ਚ ਰਹਿ ਨਹੀਂ ਸਕਿਆ
ਤੈਥੋਂ ਰੂਹਾਂ ਪਛਾਣ ਨਾ ਹੋਈਆਂ
ਤੇ ਮੈਂ ਨਾਂਵਾਂ 'ਚ ਰਹਿ ਨਹੀਂ ਸਕਿਆ
ਬੂੰਦ ਜਿਸਤੇ ਵੀ ਪਈ ਚਾਨਣ ਦੀ
ਉਹ ਗੁਫ਼ਾਵਾਂ 'ਚ ਰਹਿ ਨਹੀਂ ਸਕਿਆ
ਕੀ ਹਨੇਰਾ ਵੀ ਤੈਨੂੰ ਸਾਂਭੇਗਾ
ਜੇ ਸ਼ੁਆਵਾਂ 'ਚ ਨਹੀਂ ਰਹਿ ਸਕਿਆ
ਮੈਂ ਸੁਗੰਧੀ ਵੀ ਬਣ ਗਿਆ ਫਿਰ ਵੀ
ਤੇਰੇ ਸਾਹਵਾਂ 'ਚ ਰਹਿ ਨਹੀਂ ਸਕਿਆ
ਸਾਡਾ ਚਰਚਾ ਵੀ ਖ਼ੂਬ ਸੀ ਭਾਵੇਂ
ਇਹ ਕਥਾਵਾਂ 'ਚ ਰਹਿ ਨਹੀਂ ਸਕਿਆ
~~~~~~
Subscribe to:
Posts (Atom)