Friday, 16 August 2013

ਤੇਜ਼ ਧੁੱਪ ਵਿੱਚ ਮੇਰੀ ਛਾਂ ਨੇ ...

ਤੇਜ਼ ਧੁੱਪ ਵਿੱਚ ਮੇਰੀ ਛਾਂ ਨੇ ਮੈਨੂੰ ਕਿਹਾ
ਇਸ ਸਫ਼ਰ 'ਤੇ ਤੁਰੇ ਹੋਰ ਕਿੰਨੇ ਜਣੇ
ਸਾਰੇ ਰਾਹੀ ਗਿਣੇ, ਫੇਰ ਮੈਂ ਆਖਿਆ
ਏਥੇ ਦੋ ਹੀ ਨੇ ਤੇਰੇ ਤੇ ਮੇਰੇ ਸਣੇ

ਸੱਥ, ਪਰ੍ਹਿਆ, ਕਚਹਿਰੀ ਦੇ ਵਿਹੜੇ ਕਿਤੇ
ਜਦ ਗੁਨਾਹਾਂ ਦੇ ਹੋਏ ਨਬੇੜੇ ਕਿਤੇ
ਮੇਰੀ ਕਵਿਤਾ ਖੜ੍ਹੇਗੀ ਮੇਰੇ ਸਾਹਮਣੇ
ਸਭ ਸਬੂਤਾਂ ਸਣੇ-ਸਭ ਗਵਾਹਾਂ ਸਣੇ

ਰਾਤ ਸੁਪਨੇ 'ਚ ਜੁਗਨੂੰ ਤੇ ਤਾਰੇ ਕਈ
ਚੁੱਕੀ ਫਿਰਦਾ ਸਾਂ ਕਿਧਰੇ ਲੁਕਾਵਣ ਲਈ
ਇਹ ਨਾ ਹੋਇਆ ਤਾਂ ਆਖ਼ਿਰ ਨੂੰ ਥੱਕ-ਹਾਰ ਕੇ
ਅਪਣੇ ਸੀਨੇ 'ਚ ਸਾਰੇ ਪਏ ਸਾਂਭਣੇ

ਤੇਰੇ ਅੱਗੇ ਹੈ  ਗ਼ਰਜ਼ਾਂ ਦੀ ਵਗਦੀ ਨਦੀ
ਤੈਨੂੰ ਪਿੱਛੇ ਰਿਹਾਂ ਦੀ ਹੈ ਚਿੰਤਾ ਵੀ ਕੀ
ਸਾਡੇ ਥਲ ਨੂੰ ਨਮੀ ਮਿਲ ਗਈ ਸਹਿਜ ਹੀ
ਐਵੇਂ ਚੂਲ਼ੀ  ਕੁ ਅੱਥਰੂ ਪਏ ਡੋਲ੍ਹਣੇ 

ਉਹ ਜੋ ਜੋਬਨ ਦੀ ਰੁੱਤੇ ਘਰਾਂ ਤੋਂ ਗਏ
ਨਾ ਘਰਾਂ ਨੂੰ ਮੁੜੇ ਨਾ ਸਿਵੇ ਤੱਕ ਗਏ
ਰਾਤ ਕਾਲ਼ੀ ਜਿਨ੍ਹਾਂ ਨੂੰ ਨਿਗਲ ਹੀ ਗਈ
ਉਹ ਨਾ ਫੁੱਲ ਬਣ ਸਕੇ, ਤੇ ਨਾ ਤਾਰੇ ਬਣੇ

                   ,,,,,,,.....,,,,

Wednesday, 17 April 2013

ਏਸ ਨਗਰ ਦੇ...

ਏਸ ਨਗਰ ਦੇ ਲੋਕ ਹਮੇਸ਼ਾ ਸੋਚਾਂ ਵਿਚ  ਗ਼ਲਤਾਨ ਰਹੇ
ਨਜ਼ਰਾਂ ਦੇ ਵਿਚ ਬਾਗ਼-ਬਗ਼ੀਚੇ, ਖ਼ਾਬਾਂ ਵਿਚ ਸ਼ਮਸ਼ਾਨ ਰਹੇ

ਡਿੱਗਦਾ ਹੋਇਆ ਹੰਝੂ ਮੇਰੇ ਨਾਂ ਉਸ ਤਾਂ ਹੀ ਕਰ ਦਿੱਤਾ
ਅਪਣਾ ਦੁਖੜਾ ਰੋ ਹੋ ਜਾਵੇ, ਮੇਰੇ 'ਤੇ ਅਹਿਸਾਨ ਰਹੇ

ਰਾਹਾਂ ਦੇ ਵਿੱਚ ਰੋੜ ਨੁਕੀਲੇ, ਜਾਂ ਫਿਰ ਤਪਦੀ ਰੇਤ ਸਹੀ
ਤੁਰਨਾ ਹੈ, ਜਦ ਤੱਕ ਪੈਰਾਂ ਵਿਚ ਥੋੜੀ- ਬਹੁਤੀ ਜਾਨ ਰਹੇ

ਭਾਵੁਕਤਾ ਦੀ ਧੁੱਪ-ਛਾਂ ਦੇਵੀਂ, ਤੇ ਨੈਣਾਂ ਦਾ ਪਾਣੀ ਵੀ
ਤਾਂ ਜੋ ਸਧਰਾਂ ਦੇ ਬੂਟੇ ਦਾ ਪੁੰਗਰਨਾ ਆਸਾਨ ਰਹੇ

ਚਾਰੇ ਪਾਸੇ ਖ਼ੂਨ ਦੇ ਛੱਪੜ, ਫਿਰ ਵੀ ਦਿਖਦੇ ਸ਼ਾਂਤ ਬੜੇ
ਪੱਥਰ ਦੇ ਭਗਵਾਨ ਤਾਂ ਆਖ਼ਿਰ ਪੱਥਰ ਦੇ ਭਗਵਾਨ ਰਹੇ

Tuesday, 11 September 2012

ਤੇਰੇ ਪਿਆਸਿਆਂ ਦੀ.....


ਤੇਰੇ ਪਿਆਸਿਆਂ ਦੀ, ਏਨੀ ਵੀ ਕੀ ਖ਼ਤਾ ਹੈ
ਹੱਥ ਵਿੱਚ ਕਟੋਰਾ ਪਾਣੀ, ਨਾ ਪੀਣ ਦੀ ਸਜ਼ਾ ਹੈ |

ਕਿੰਨੇ ਹੀ ਚਿਰ ਤੋਂ ਉਸਨੂੰ, ਕਿਧਰੇ ਨਾ ਵੇਖਿਆ ਹੈ
ਜਾਂ ਮਰ ਗਿਆ ਹੈ ਜਾਂ ਫਿਰ, ਸੰਤੁਸ਼ਟ ਹੋ ਗਿਆ ਹੈ |

ਲੇਟੇ ਨੇ ਮੀਟ ਅੱਖਾਂ, ਨੀਂਦਾਂ ਦਾ ਨਾਮ ਹੈ ਬੱਸ
ਖ਼ਾਬਾਂ ਦੀ ਥਾਂ ਇਨ੍ਹਾਂ ਨੂੰ, ਫ਼ਿਕਰਾਂ ਨੇ ਘੇਰਿਆ ਹੈ

ਹੁੰਦੀ ਹੈ ਨਿੱਤ ਖ਼ਿਆਨਤ, ਪਰਦੇ ਨੇ ਪਾਰਦਰਸ਼ੀ
ਕੀ ਭੇਤ ਸਾਂਭਣਾ ਸੀ, ਬੱਸ ਭਰਮ ਸਾਂਭਿਆ ਹੈ

ਰੂਹਾਂ ਤੇ ਜਿਸਮ ਜਦ ਵੀ, ਹੁੰਦੇ ਨੇ ਵੱਖ ਯਾਰੋ
ਮਛਲੀ ਵੀ ਤੜਫ਼ਦੀ ਹੈ, ਪਾਣੀ ਵੀ ਤੜਫਦਾ ਹੈ |

            >>>>>>>>>

Tuesday, 12 June 2012

ਤੁਰਨ ਦਾ ਹੌਸਲਾ...


ਤੁਰਨ ਦਾ ਹੌਸਲਾ ਤਾਂ ਪੱਥਰਾਂ 'ਤੇ ਪੈਰ ਧਰਦਾ ਹੈ
ਬਦਨ ਸ਼ੀਸ਼ੇ ਦਾ ਪਰ ਹਾਲੇ ਤਿੜਕ ਜਾਵਣ ਤੋਂ ਡਰਦਾ ਹੈ

ਕਿਤੇ ਕੁਝ ਧੜਕਦਾ ਹੈ ਜ਼ਿੰਦਗੀ ਦੀ ਤਾਲ 'ਤੇ ਹੁਣ ਵੀ
ਕਿਤੇ ਕੁਝ ਔੜ ਦੇ ਸੀਨੇ ਦੇ ਉੱਤੇ ਸ਼ਾਂਤ ਵਰ੍ਹਦਾ ਹੈ

ਅਜੇ ਤਾਈਂ ਵੀ ਮੇਰੇ ਰਾਮ ਦਾ ਬਨਵਾਸ ਨਾ ਮੁੱਕਿਆ
ਮੇਰੇ ਅੰਦਰਲਾ ਰਾਵਣ ਰੋਜ਼ ਹੀ ਸੜਦਾ ਤੇ ਮਰਦਾ ਹੈ

ਅਚਾਨਕ ਹੀ ਸੁਲਗ ਉੱਠਣ ਮੇਰੇ ਪੈਰਾਂ ਦੀਆਂ ਤਲੀਆਂ
ਮੇਰੇ ਸੁਪਨੇ 'ਚ ਨਿੱਤ ਕੋਈ ਥਲਾਂ ਨੂੰ ਪਾਰ ਕਰਦਾ ਹੈ

ਕਿਸੇ ਵੀ ਘਰ ਦੀਆਂ ਨੀਂਹਾਂ 'ਚ ਉਹ ਤਾਂਹੀਂਓਂ ਨਹੀਂ ਲਗਦਾ
ਉਹ ਪੱਥਰ ਆਪਣੇ ਹੀ ਸੇਕ ਸੰਗ ਪਿਘਲਣ ਤੋਂ ਡਰਦਾ ਹੈ

ਜਦੋਂ ਵੀ ਤੁਰਦਿਆਂ ਅਕਸਰ ਮੈਂ ਠੋਕਰ ਖਾ ਕੇ ਡਿੱਗਦਾ ਹਾਂ
ਮੇਰਾ ਆਪਾ ਮੇਰੀ ਨੀਅਤ ਦੇ ਸਿਰ ਇਲਜ਼ਾਮ ਧਰਦਾ ਹੈ

ਅਜੇ ਤੱਕ ਵੀ ਇਹਨਾਂ ਦੀ ਹੋਂਦ ਤੇ ਔਕਾਤ ਹੈ ਵੱਖਰੀ
ਅਜੇ ਚਾਨਣ ਤੇ ਨ੍ਹੇਰੇ ਵਿਚ ਕੋਈ ਬਾਰੀਕ ਪਰਦਾ ਹੈ

              <<<<<<<<

Wednesday, 18 April 2012

ਤੇਰੇ ਸ਼ੀਸ਼ੇ ਨੂੰ ..


ਤੇਰੇ ਸ਼ੀਸ਼ੇ ਨੂੰ ਪੱਥਰ ਆਖਣਾ ਸੀ
ਮੈਂ ਤੇਰਾ ਜ਼ਬਤ ਹੀ ਬੱਸ ਪਰਖਣਾ ਸੀ

ਅਜੇ ਆਪੇ 'ਚੋਂ ਹੋ ਕੇ ਲੰਘਣਾ ਸੀ
ਅਜੇ ਮੈਂ ਆਪ ਜੀਅ ਕੇ ਵੇਖਣਾ ਸੀ

ਬਚਾ ਲੈਂਦਾ ਮੈਂ ਖ਼ੁਦ ਨੂੰ ਡੁੱਬਣੇ ਤੋਂ
ਅਜੇ ਲਹਿਰਾਂ ਨੇ ਕੁਝ ਪਲ ਅਟਕਣਾ ਸੀ

ਉਹ ਬਣ ਕੇ ਰਹਿ ਗਏ ਬਿੰਦੂ, ਜਿਨ੍ਹਾਂ ਨੇ
ਅਥਾਹ ਅਸਮਾਨ ਤੀਕਰ ਫੈਲਣਾ ਸੀ

ਜੇ ਨਾ ਆਉਂਦਾ ਤੂੰ ਏਨੀ ਤਾਂਘ ਕਰਕੇ
ਮੈਂ ਪਲ-ਪਲ ਕਰ ਕੇ ਇੰਜ ਹੀ ਬੀਤਣਾ ਸੀ

          >>>>>>>>>

Tuesday, 27 March 2012

ਕਿਵੇਂ ਕਲੀਆਂ ਨੂੰ ...


ਕਿਵੇਂ ਕਲੀਆਂ ਨੂੰ ਪਾਉਂਦਾ ਵਾਸਤਾ ਮੈਂ ਮੂੰਹ ਵਿਖਾਵਣ ਦਾ
ਮੇਰੇ ਸਿਰ ਦੋਸ਼ ਆਇਆ ਹੈ ਸੁਗੰਧਾਂ ਨੂੰ ਉਧਾਲਣ ਦਾ

ਮੇਰੇ ਜ਼ਖਮਾਂ 'ਤੇ ਧਰਦੇ ਨੇ ਸਦਾ ਉਹ ਤੀਰ ਜਾਂ ਖ਼ੰਜਰ
ਉਨ੍ਹਾਂ ਨੂੰ ਭਾ ਗਿਆ ਲਗਦੈ ਮੇਰਾ ਅੰਦਾਜ਼ ਤੜਫਣ ਦਾ

ਸਵਾਲਾਂ ਨੂੰ ਜਵਾਬਾਂ ਤੀਕ ਉਹ ਪੁੱਜਣ ਨਹੀਂ ਦਿੰਦੇ
ਕਿਵੇਂ ਸ਼ਬਦਾਂ ਨੂੰ ਵੱਲ ਆਏਗਾ ਅਰਥਾਂ ਤੀਕ ਪੁੱਜਣ ਦਾ

ਤੁਹਾਨੂੰ ਫੁੱਲ ਪੱਤੇ ਦੇਣ ਦਾ ਵਾਅਦਾ ਨਹੀਂ ਕੋਈ
ਅਜੇ ਕੀ ਮੌਲਣਾ-ਫ਼ਲਣਾ ਅਜੇ ਮਸਲਾ ਹੈ ਉੱਗਣ ਦਾ

ਚਿੰਗਾਰੀ ਮਿਲ ਹੀ ਜਾਣੀ ਸੀ ਯਕ਼ੀਨਨ ਅਣਬੁਝੀ ਕੋਈ
ਸਮਾ ਮੈਨੂੰ ਹੀ ਮਿਲ ਸਕਿਆ ਨਾ ਅਪਣੀ ਰਾਖ਼ ਫੋਲਣ ਦਾ
                 """"""""""""

Sunday, 4 December 2011

ਲਿਆ ਜ਼ਰਾ ਕਾਗਜ਼..


ਲਿਆ ਜ਼ਰਾ ਕਾਗਜ਼ ਹੁਣੇ ਅਪਣੀ ਵਸੀਅਤ ਲਿਖ ਦਿਆਂ
ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖ ਦਿਆਂ

ਤੂੰ ਜੇ  ਮੇਰੇ  ਵਾਸਤੇ  ਮੁਸਕਾਉਣ ਦਾ ਵਾਅਦਾ  ਕਰੇਂ
ਪੇਸ਼ਗੀ ਤੈਨੂੰ ਇਹ ਨਦੀਆਂ,ਪੌਣ,ਪਰਬਤ ਲਿਖ ਦਿਆਂ

ਸ਼ਾਮ ਤੀਕਰ ਧੁੱਪ  ਦੇ ਸੰਗ ਖੜ੍ਹ ਸਕੋਂ  ਜੇ  ਦੋਸਤੋ
ਉੱਗਦੇ ਸੂਰਜ ਦੇ ਮੱਥੇ ਤੇ ਬਗ਼ਾਵਤ ਲਿਖ  ਦਿਆਂ

ਉੰਜ ਤਾਂ ਮੈਂ ਤੇਰੀਆਂ ਖ਼ੁਸ਼ੀਆਂ ਦਾ ਹੀ ਪੁੱਛਣਾ ਸੀ ਹਾਲ
ਜੇ ਕਹੇਂ, ਤਾਂ ਆਪਣੇ ਜ਼ਖ਼ਮਾਂ ਦੀ ਹਾਲਤ ਲਿਖ ਦਿਆਂ

ਤੂੰ ਹੈਂ ਈਸਾ,ਮੈਂ ਨਹੀਂ-ਏਨਾ ਕੁ ਬਸ ਮਨਜ਼ੂਰ ਕਰ
ਆ ਤਿਰੀ ਸੂਲ਼ੀ ਤੇ ਮੈਂ ਅਪਣੀ ਅਕ਼ੀਦਤ ਲਿਖ ਦਿਆਂ

ਸਾਰੀਆਂ ਕੰਧੋਲ਼ੀਆਂ ਦੇ ਨਾਲ ਦੁਖ-ਸੁਖ ਫੋਲ ਕੇ
ਮੇਰੇ ਵੱਸ ਹੋਵੇ ਤਾਂ ਹਰ ਚੁੱਲ੍ਹੇ ਤੇ ਬਰਕਤ ਲਿਖ ਦਿਆਂ

ਆਪਣਾ ਪਿੰਡਾ ਬਚਾਉ,ਛੱਡ ਕੇ ਕਣੀਆਂ ਦਾ ਹੇਜ
ਜੀ ਕਰੇ ਮੈਂ ਕੱਚੀਆਂ ਕੰਧਾਂ ਨੂੰ ਇਕ ਖ਼ਤ ਲਿਖ ਦਿਆਂ

ਤੂੰ ਅਥਾਹ ਅਸਮਾਨ ਵੱਲ ਰੱਖੀਂ ਜ਼ਰਾ ਨਜ਼ਰਾਂ,ਤੇ ਮੈਂ
ਤੇਰੇ ਉੱਗਦੇ ਖੰਭ ਤੇ ਉੱਡਣ ਦੀ ਚਾਹਤ ਲਿਖ ਦਿਆਂ

ਇਸ ਉਦਾਸੇ ਦੌਰ ਵਿੱਚ ਸਾਥੀ ਬਣਾ,’ਕੱਲਾ ਨਾ ਰਹਿ
ਆ ਤਿਰੇ ਨਾਂ ਤੇ ਇਨ੍ਹਾਂ ਗ਼ਜ਼ਲਾਂ ਦੀ ਸੰਗਤ ਲਿਖ ਦਿਆਂ
       ~~~~~~~~~~~~