ਤੇਜ਼ ਧੁੱਪ ਵਿੱਚ ਮੇਰੀ ਛਾਂ ਨੇ ਮੈਨੂੰ ਕਿਹਾ
ਇਸ ਸਫ਼ਰ 'ਤੇ ਤੁਰੇ ਹੋਰ ਕਿੰਨੇ ਜਣੇ
ਸਾਰੇ ਰਾਹੀ ਗਿਣੇ, ਫੇਰ ਮੈਂ ਆਖਿਆ
ਏਥੇ ਦੋ ਹੀ ਨੇ ਤੇਰੇ ਤੇ ਮੇਰੇ ਸਣੇ
ਸੱਥ, ਪਰ੍ਹਿਆ, ਕਚਹਿਰੀ ਦੇ ਵਿਹੜੇ ਕਿਤੇ
ਜਦ ਗੁਨਾਹਾਂ ਦੇ ਹੋਏ ਨਬੇੜੇ ਕਿਤੇ
ਮੇਰੀ ਕਵਿਤਾ ਖੜ੍ਹੇਗੀ ਮੇਰੇ ਸਾਹਮਣੇ
ਸਭ ਸਬੂਤਾਂ ਸਣੇ-ਸਭ ਗਵਾਹਾਂ ਸਣੇ
ਰਾਤ ਸੁਪਨੇ 'ਚ ਜੁਗਨੂੰ ਤੇ ਤਾਰੇ ਕਈ
ਚੁੱਕੀ ਫਿਰਦਾ ਸਾਂ ਕਿਧਰੇ ਲੁਕਾਵਣ ਲਈ
ਇਹ ਨਾ ਹੋਇਆ ਤਾਂ ਆਖ਼ਿਰ ਨੂੰ ਥੱਕ-ਹਾਰ ਕੇ
ਅਪਣੇ ਸੀਨੇ 'ਚ ਸਾਰੇ ਪਏ ਸਾਂਭਣੇ
ਤੇਰੇ ਅੱਗੇ ਹੈ ਗ਼ਰਜ਼ਾਂ ਦੀ ਵਗਦੀ ਨਦੀ
ਤੈਨੂੰ ਪਿੱਛੇ ਰਿਹਾਂ ਦੀ ਹੈ ਚਿੰਤਾ ਵੀ ਕੀ
ਸਾਡੇ ਥਲ ਨੂੰ ਨਮੀ ਮਿਲ ਗਈ ਸਹਿਜ ਹੀ
ਐਵੇਂ ਚੂਲ਼ੀ ਕੁ ਅੱਥਰੂ ਪਏ ਡੋਲ੍ਹਣੇ
ਉਹ ਜੋ ਜੋਬਨ ਦੀ ਰੁੱਤੇ ਘਰਾਂ ਤੋਂ ਗਏ
ਨਾ ਘਰਾਂ ਨੂੰ ਮੁੜੇ ਨਾ ਸਿਵੇ ਤੱਕ ਗਏ
ਰਾਤ ਕਾਲ਼ੀ ਜਿਨ੍ਹਾਂ ਨੂੰ ਨਿਗਲ ਹੀ ਗਈ
ਉਹ ਨਾ ਫੁੱਲ ਬਣ ਸਕੇ, ਤੇ ਨਾ ਤਾਰੇ ਬਣੇ
,,,,,,,.....,,,,