ਇਰਾਦਾ ਵੇਖ ਕੇ ਟੁੱਟਣ ਤੋਂ ਡਰ ਗਿਆ ਪੱਥਰ
ਸੁਲਾਹ ਦੇ ਵਾਸਤੇ ਸ਼ੀਸ਼ੇ ਦੇ ਘਰ ਗਿਆ ਪੱਥਰ
ਮੈਂ ਤੇਰੇ ਕਦਮਾਂ 'ਚ ਓਨੇ ਹੀ ਫੁੱਲ ਰੱਖ ਚੱਲਿਆਂ
ਸਿਰ੍ਹਾਣੇ ਤੂੰ ਮੇਰੇ ਜਿੰਨੇ ਸੀ ਧਰ ਗਿਆ ਪੱਥਰ
'ਕਰੋ ਨਾ ਫੁੱਲ ਦੀ ਚਰਚਾ', ਜਿਵੇਂ ਕਿਹਾ ਉਸਨੇ
ਸਿਰਾਂ ਦੇ ਕੋਲ ਦੀ ਏਦਾਂ ਗੁਜ਼ਰ ਗਿਆ ਪੱਥਰ
ਥਲਾਂ ਦੀ ਪਿਆਸ ਨੇ ਇਸ ਕਦਰ ਉਸਨੂੰ ਪਿਘਲਾਇਆ
ਪਲਾਂ 'ਚ ਰੇਤ ਦੀ ਛਾਤੀ 'ਤੇ ਵਰ੍ਹ ਗਿਆ ਪੱਥਰ
ਖਰੇ ਕੀ ਸੋਚਿਆ ਉਸਨੇ ਤੇ ਤੈਰਨਾ ਛੱਡ ਕੇ
ਨਿਰਾਸ਼ ਝੀਲ ਦੇ ਤਲ 'ਤੇ ਉੱਤਰ ਗਿਆ ਪੱਥਰ
ਮੈਂ ਉਸਤੋਂ ਮਹਿਕਦੀ ਰੁੱਤ ਦਾ ਹਿਸਾਬ ਮੰਗ ਬੈਠਾ
ਉਹ ਮਲਕੜੇ ਮੇਰੀ ਝੋਲੀ 'ਚ ਭਰ ਗਿਆ ਪੱਥਰ |
ਮੇਰਾ ਸਵਾਲ ਕਿ ਪੱਥਰ ਨੂੰ ਨੀਰ ਕਰ ਦੇਂਦਾ
ਤੇਰਾ ਜਵਾਬ ਕਿ ਪਾਣੀ ਨੂੰ ਕਰ ਗਿਆ ਪੱਥਰ